ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਲੋਕਤੰਤਰ ਦੀ ਲੜਾਈ ਲੜ ਰਹੇ ਹਨ ਅਤੇ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਡਾਨੀ ਸਮੂਹ ਨਾਲ ਜੁੜੇ ਸਵਾਲਾਂ ਤੋਂ ਧਿਆਨ ਭਟਕਾਉਣ ‘ਤੇ ਉਨ੍ਹਾਂ ‘ਤੇ ਓ.ਬੀ.ਸੀ. ਭਾਈਚਾਰੇ ਦੇ ਅਪਮਾਨ ਦਾ ਦੋਸ਼ ਲਗਾ ਰਹੀ ਹੈ। ਰਾਹੁਲ ਨੇ ਕਿਹਾ,”ਅਸਲੀ ਸਵਾਲ ਇਹ ਹੈ ਕਿ ਅਡਾਨੀ ਸਮੂਹ ‘ਚ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਉਹ ਪੈਸਾ ਕਿਸ ਦਾ ਹੈ?” ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਇਆ ਗਿਆ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਡਰੇ ਹੋਏ ਸਨ ਕਿ ਉਹ ਮੁੜ ਸਦਨ ‘ਚ ਅਡਾਨੀ ਮਾਮਲੇ ‘ਤ ਬੋਲਣਗੇ। ਕਾਂਗਰਸ ਨੇਤਾ ਨੇ ਕਿਹਾ,”ਅਡਾਨੀ ਜੀ ਦੀਆਂ ਸ਼ੈੱਲ ਕੰਪਨੀਆਂ ਹਨ, ਉਨ੍ਹਾਂ ‘ਚ 20 ਹਜ਼ਾਰ ਕਰੋੜ ਰੁਪਏ ਕਿਸੇ ਨੇ ਨਿਵੇਸ਼ ਕੀਤੇ ਹਨ, ਇਹ ਪੈਸਾ ਕਿਸ ਦਾ ਹੈ? ਇਹ ਸਵਾਲ ਮੈਂ ਪੁੱਛਿਆ। ਮੋਦੀ ਜੀ ਅਤੇ ਅਡਾਨੀ ਜੀ ਦੇ ਰਿਸ਼ਤੇ ਬਾਰੇ ਪੁੱਛਿਆ। ਮੇਰੀਆਂ ਗੱਲਾਂ ਸਦਨ ਦੀ ਕਾਰਵਾਈ ਤੋਂ ਹਟਾਈਆਂ ਗਈਆਂ।” ਰਾਹੁਲ ਨੇ ਕਿਹਾ,”ਮੇਰੇ ਬਾਰੇ ਮੰਤਰੀਆਂ ਨੇ ਝੂਠ ਬੋਲਿਆ, ਜਦੋਂ ਕਿ ਮੈਂ ਅਜਿਹਾ ਗੱਲ ਨਹੀਂ ਕੀਤੀ ਸੀ, ਜਿਸ ਦਾ ਦਾਅਵਾ ਕੀਤਾ ਗਿਆ ਸੀ। ਮੈਂ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਮੈਨੂੰ ਜਵਾਬ ਦੇਣ ਦਾ ਮੌਕਾ ਮਿਲੇ ਪਰ ਮੌਕਾ ਨਹੀਂ ਮਿਲਿਆ।”
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ,”ਹਿੰਦੁਸਤਾਨ ਦੇ ਲੋਕਤੰਤਰ ਲਈ ਲੜ ਰਿਹਾ ਹਾਂ, ਅੱਗੇ ਵੀ ਲੜਦਾ ਰਹਾਂਗਾ, ਮੈਂ ਨਹੀਂ ਡਰਦਾ।” ਰਾਹੁਲ ਨੇ ਕਿਹਾ ਕਿ ਮੈਂ ਅਡਾਨੀ ਦੇ ਮੁੱਦੇ ‘ਤੇ ਸਵਾਲ ਪੁੱਛਦਾ ਰਹਾਂਗਾ, ਉਹ ਮੈਨੂੰ ਅਯੋਗ ਠਹਿਰਾ ਕੇ ਜਾਂ ਜੇਲ੍ਹ ‘ਚ ਸੁੱਟ ਕੇ ਡਰਾ ਨਹੀਂ ਸਕਦੇ। ਮੈਂ ਪਿੱਛੇ ਨਹੀਂ ਹਟਾਂਗਾ। ਕਾਂਗਰਸ ਨੇਤਾ ਨੇ ਕਿਹਾ ਕਿ ਮੋਦੀ ਜੀ ਅਤੇ ਅਡਾਨੀ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਜਦੋਂ ਨਰਿੰਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ, ਉਦੋਂ ਤੋਂ ਰਿਸ਼ਤਾ ਹੈ। ਮੈਂ ਹਵਾਈ ਜਹਾਜ਼ ‘ਚ ਬੈਠੇ ਉਨ੍ਹਾਂ ਫ਼ੋਟੋ ਵੀ ਦਿਖਾਈ ਹੈ। ਉਹ ਆਪਣੇ ਦੋਸਤ ਨਾਲ ਬਹੁਤ ਆਰਾਮ ਨਾਲ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਹੀ ਮੈਨੂੰ ਸਥਾਈ ਰੂਪ ਨਾਲ ਅਯੋਗ ਐਲਾਨ ਕਰ ਦੇਣ। ਮੈਂ ਆਪਣਾ ਕੰਮ ਕਰਦਾ ਰਹਾਂਗਾ। ਮੈਨੂੰ ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਸੰਸਦ ਦੇ ਅੰਦਰ ਰਹਾਂ ਜਾਂ ਨਹੀਂ। ਮੈਂ ਦੇਸ਼ ਲਈ ਲੜਦਾ ਰਹਾਂਗਾ। ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ਦੇ ਵਿਰੋਧ ‘ਚ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਇਸ ‘ਤੇ ਉਨ੍ਹਾਂ ਕਿਹਾ,”ਮੈਨੂੰ ਸਮਰਥਨ ਦੇਣ ਲਈ ਮੈਂ ਸਾਰੇ ਵਿਰੋਧੀ ਦਲਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ।” ਉਨ੍ਹਾਂ ਨੇ ਮੁਆਫ਼ੀ ਮੰਗ ਦੇ ਸਵਾਲ ‘ਤੇ ਕਿਹਾ,”ਗਾਂਧੀ ਕਦੇ ਮੁਆਫ਼ੀ ਨਹੀਂ ਮੰਗਦਾ, ਮੈਂ ਸਾਵਰਕਰ ਨਹੀਂ ਹਾਂ।”