ਬਾਂਦੀਪੋਰਾ – ਜੰਮੂ ਅਤੇ ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਇਕ ਸਾਂਝੀ ਮੁਹਿੰਮ ‘ਚ ਬਾਂਦੀਪੋਰਾ ਤੋਂ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਜ਼ਿੰਦਾ ਹੱਥਗੋਲੇ ਬਰਾਮਦ ਕੀਤੇ। ਜੰਮੂ ਕਸ਼ਮੀਰ ਪੁਲਸ ਨੇ ਭਾਰਤੀ ਫ਼ੌਡ (14 ਆਰ.ਆਰ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (3 ਬੀਐੱਨ) ਨਾਲ ਮੱਛੀ ਪਾਲਣ ਫਾਰਮ ਕੋਲ ਸੁਮਲਾਰ ‘ਚ ਨਾਕਾ ਚੈਕਿੰਗ ਦੌਰਾਨ ਗ੍ਰਿਫ਼ਤਾਰੀਆਂ ਕੀਤੀਆਂ। ਜਵਾਨਾਂ ਨੇ ਉਨ੍ਹਾਂ ਕੋਲੋਂ 2 ਜ਼ਿੰਦਾ ਚੀਨੀ ਗ੍ਰਨੇਡ ਬਰਾਮਦ ਕੀਤੇ।
ਬਾਂਦੀਪੋਰਾ ਪੁਲਸ ਸਟੇਸ਼ਨ ‘ਚ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਬਾਂਦੀਪੋਰਾ ਪੁਲਸ ਨੇ ਟਵੀਟ ਕੀਤਾ,”ਬਾਂਦੀਪੋਰਾ ਪੁਲਸ ਨੇ ਨਾਕਾ ਚੈਕਿੰਗ ਦੌਰਾਨ ਲਸ਼ਕਰ ਦੇ 2 ਅੱਤਵਾਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 2 ਜ਼ਿੰਦਾ ਚੀਨੀ ਗ੍ਰਨੇਡ ਬਰਾਮਦ ਕੀਤੇ।” ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਸੋਪੋਰ ਤੋਂ ਲਸ਼ਕਰ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਸੀ।