ਡਾ. ਦੇਵਿੰਦਰ ਮਹਿੰਦਰੂ
ਪਹਿਲਾਂ ਵਾਲੀ ਗੱਲ ਨਾ ਰਹੀ!
ਮਾਰਚ ਦੇ ਅਖੀਰਲੇ ਹਫ਼ਤੇ ਦਾ ਹਰ ਦਫ਼ਤਰ, ਹਰ ਕੰਪਨੀ ਲਈ ਅਲੱਗ ਹੀ ਮਤਲਬ ਹੁੰਦਾ ਹੈ। ਰੇਡੀਓ ਲਈ ਤਾਂ ਬਿਲਕੁਲ ਅਲੱਗ। ਕਿੰਨੀ ਵੀ ਸੂਝ ਬੂਝ ਦਿਖਾ ਲਵੇ ਕੋਈ, ਕਿੰਨੀਆਂ ਵੀ ਸਿਆਣਪਾਂ ਵਰਤ ਲਵੇ ਕੋਈ, ਪੈਸਾ ਧੇਲਾ ਖ਼ਤਮ ਹੋ ਹੀ ਜਾਂਦਾ ਹੈ ਇੱਥੇ ਤਕ ਆਉਂਦਿਆਂ ਆਉਂਦਿਆਂ। ਅਗਲਾ ਵਿੱਤੀ ਸਾਲ ਕਹਿਣ ਨੂੰ ਤਾਂ ਅਪ੍ਰੈਲ ‘ਚ ਸ਼ੁਰੂ ਹੋ ਜਾਂਦਾ ਹੈ, ਪਰ ਫ਼ੰਡਜ਼ ਮਈ ਤੋਂ ਪਹਿਲਾਂ ਨਹੀਂ ਆਉਂਦੇ। ਮਾਰਚ ਦੇ ਫ਼ਸੇ ਪੈਸੇ ਮਈ ਦੇ ਅਖੀਰ ਤਕ ਮਿਲ ਜਾਣ ਤਾਂ ਗਨੀਮਤ ਹੀ ਸਮਝੋ। ਸਟਾਫ਼ ਨੂੰ ਤਾਂ ਤਨਖ਼ਾਹ ਮਿਲ ਹੀ ਜਾਣੀ ਹੁੰਦੀ ਹੈ, ਪਹਿਲੀ ਅਪ੍ਰੈਲ ਨੂੰ ਨਾ ਮਿਲੀ, ਸੱਤ ਨੂੰ ਮਿਲ ਗਈ, ਪਰ ਕਲਾਕਾਰ ਅਤੇ ਲੇਖਕ ਵਿਚਾਰੇ ਸਾਰੇ ਮਈ ਦੇ ਅਖੀਰਲੇ ਹਫ਼ਤੇ ਤਕ ਸੁੱਕਣੇ ਪਾ ਦਿੱਤੇ ਜਾਂਦੇ ਹਨ। ਰੇਡੀਓ ਦੇ ਐਨਾਊਂਸਰ ਅਤੇ ਕੌਂਟਰੈਕਟ ਵਾਲੇ, ਡਿਊਟੀ ‘ਤੇ ਆ ਹੀ ਰਹੇ ਹੁੰਦੇ ਹਨ, ਉਹ ਵੀ ਇਹ ਸੋਚ ਕੇ ਖ਼ੁਸ਼ ਹੁੰਦੇ ਹੋਣਗੇ ਕਿ ਬੱਚਤ ਹੋ ਰਹੀ ਹੈ ਇਸ ਬਹਾਨੇ। ਕਲਾਕਾਰ ਵੀ ਬੁੱਕ ਹੁੰਦੇ ਰਹਿੰਦੇ ਹਨ। ਬੱਸ ਚੈੱਕ ਨਾਲ ਦੀ ਨਾਲ ਨਹੀਂ ਮਿਲਦਾ।
ਯਾਦ ਹੈ ਕਿ ਇੱਕ ਵਾਰ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਪੈਸੇ ਖਾ ਗਿਆ ਪ੍ਰੋਡਿਊਸਰ, ਮੈਨੂੰ ਚੈੱਕ ਨਹੀਂ ਮਿਲਿਆ। ਕੌਣ ਸਮਝਾਏ ਕਿ ਚੈੱਕ ਨਾਲ ਭੁਗਤਾਨ ਤਾਂ ਸ਼ੁਰੂ ਹੀ ਇਸ ਲਈ ਕੀਤਾ ਗਿਆ ਸੀ ਤਾਂ ਕਿ ਕੋਈ ਕਿਸੇ ਦੇ ਪੈਸੇ ਨਾ ਖਾ ਸਕੇ। ਨਹੀਂ ਤਾਂ ਰੇਡੀਓ ਦੇ ਸ਼ੁਰੂ ਦੇ ਦਿਨਾਂ ‘ਚ ਤਾਂ ਕੈਸ਼ ਹੀ ਮਿਲਦਾ ਹੁੰਦਾ ਸੀ। ਫ਼ੇਰ ਕਲਾਕਾਰਾਂ ਨੇ ਜਦੋਂ ਰੌਲਾ ਪਾਇਆ ਕਿ ਸਾਡੇ ਪੱਲੇ ਤਾਂ ਕੱਖ ਨਹੀਂ ਪੈਂਦਾ ਤਾਂ ਦਿੱਲੀ ਮੁਖ ਦਫ਼ਤਰ ‘ਚ ਬੈਠੇ ਵੱਡੇ ਅਫ਼ਸਰਾਂ ਨੇ ਚੈਕ ਨਾਲ ਭੁਗਤਾਨ ਕਰਨ ਦੀ ਵਿਧੀ ਸ਼ੁਰੂ ਕਰਵਾਈ ਸੀ। ਇਹ ਗੱਲ ਅਲੱਗ ਹੈ ਕਿ ਜੇ ਕਿਸੇ ਨੇ ਪੁੱਠੇ ਸਿੱਧੇ ਕੰਮ ਕਰਨੇ ਹਨ, ਉਹ ਲਹਿਰਾਂ ਗਿਨਣ ਦੇ ਪੈਸੇ ਵੀ ਮੰਗ ਲੈਣਗੇ, ਅਤੇ ਕਿਸੇ ਨੇ ਪੈਸੇ ਦੇਣੇ ਹਨ ਤਾਂ ਉਹ ਕੌਂਟਰੈਕਟ ‘ਚ ਲਿਖੇ ਪੈਸੇ ਜਿਹੜੇ ਉਹਨੂੰ ਮਿਲਣੇ ਹਨ ਦੇ ਕੇ ਆ ਜਾਵੇਗਾ ਰੇਡੀਓ ਵਾਲਿਆਂ ਨੂੰ।
ਗੱਲ ਫ਼ੰਡਜ਼ ਦੀ ਚੱਲ ਰਹੀ ਸੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਫ਼ੰਡਜ਼ ਵੀ ਵਕਤ ਨਾਲ ਵਧਦੇ, ਪਰ ਇਹ ਘਟ ਰਹੇ ਹਨ। ਵੈਸੇ ਵੀ ਪ੍ਰੋਗਰਾਮ ਵਾਲਿਆਂ ਦੀ ਤਾਂ ਭਰਤੀ ਹੀ ਨਹੀਂ ਹੋ ਰਹੀ ਤਾਂ ਸਰਕਾਰਾਂ ਦੀਆਂ ਤਨਖ਼ਾਹਾਂ ਬਚ ਰਹੀਆਂ ਹਨ। ਇੰਜਨੀਅਰ ਵੀ ਭਰਤੀ ਹੋ ਰਹੇ ਹਨ, ਕਲਰਕ ਵੀ, ਪ੍ਰੋਗਰਾਮ ਸਟਾਫ਼ ਸਿਰਫ਼ ਕੌਂਟਰੈਕਟ ‘ਤੇ ਚੱਲ ਰਿਹਾ। ਕੌਂਟਰੈਕਟ ‘ਤੇ ਵੀ ਬੁਲਾਓ, ਜ਼ਰੂਰ ਬੁਲਾਓ, ਪਰ ਪੱਕੀਆਂ ਭਰਤੀਆਂ ਵੀ ਕਰੋ।
ਪ੍ਰੋਗਰਾਮ ਸਟਾਫ਼ ਹਰ ਰੇਡੀਓ ਸਟੇਸ਼ਨ ‘ਤੇ ਲੱਖਾਂ ਰੁਪਿਆ ਵਿਗਿਆਪਨਾਂ ਤੋਂ ਪ੍ਰਸਾਰ ਭਾਰਤੀ ਭਾਵ ਕਿ ਕੇਂਦਰ ਸਰਕਾਰ ਨੂੰ ਕਮਾ ਕੇ ਦੇ ਰਿਹਾ ਹੈ। ਅੱਵਲ ਤਾਂ ਕੋਈ ਭਰਤੀ ਹੋਈ ਨਹੀਂ ਦੋ ਹਜ਼ਾਰ ਪੰਜ ਤੋਂ ਬਾਅਦ ਇੱਕਾ ਦੁੱਕਾ ਕੋਈ ਹੋਈ ਹੈ ਤਾਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਣੀ। ਇਹ ਤਾਂ ਫ਼ੇਰ ਜ਼ਿਆਦਤੀ ਹੋਈ ਨਾ। ਐਨਾ ਪੜ੍ਹ ਲਿਖ ਕੇ ਬੱਚਿਆਂ ਨੂੰ ਰੋਜ਼ਗਾਰ ਲਈ ਭਟਕਣਾ ਪੈਂਦੈ। ਇਹ ਤਾਂ ਵਗਦੇ ਪਾਣੀ ਖੜ੍ਹੇ ਕਰਨ ਵਾਲੀ ਗੱਲ ਹੋਈ। ਕਾਈ ਜੰਮ ਜਾਂਦੀ ਹੈ ਇਸ ਤਰ੍ਹਾਂ ਤਾਂ। ਦੇਖਿਆ ਜਾਵੇ ਜਮਾ ਹੀ ਦਿੱਤੀ ਹੈ ਕਾਈ ਸਿਸਟਮ ਨੇ। ਹੁਣ ਪਹਿਲਾਂ ਵਾਲੀਆਂ ਬਾਤਾਂ ਨਹੀਂ ਰਹਿ ਗਈਆਂ ਰੇਡੀਓ ਅਤੇ TV ‘ਤੇ। ਬੜਾ ਕੁੱਝ ਬੀਤ ਗਿਆ ਹੈ। ਬੀਤ ਜਾਣਾ ਹੈ। ਅਸੀਂ ਸੋਹਣਾ ਵੇਲਾ ਪਾਸ ਕਰ ਗਏ।
ਧੰਨਵਾਦ ਸਭਦਾ!