ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ‘ਚ ਬੁੱਧਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਦਿੱਲੀ ‘ਚ 2.7 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਭੂਚਾਲ ਦਾ ਕੇਂਦਰ ਜ਼ਮੀਨ ਦੇ 5 ਕਿਲੋਮੀਟਰ ਅੰਦਰ ਸੀ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਮੰਗਲਵਾਰ ਨੂੰ ਦਿੱਲੀ-ਐੱਨਸੀਆਰ ਤੋਂ ਇਲਾਵਾ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ‘ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਲੋਕ ਡਰ ਦੇ ਮਾਰੇ ਘਰਾਂ ‘ਚੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ। ਰਾਜਧਾਨੀ ਦਿੱਲੀ ਅਤੇ ਐੱਨਸੀਆਰ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਲੋਕਾਂ ਵਿੱਚ ਉਤਸੁਕਤਾ ਦਾ ਵਿਸ਼ਾ ਬਣ ਗਏ। ਲੋਕਾਂ ਨੇ ਇਕ ਦੂਜੇ ਨਾਲ ਭੂਚਾਲ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਫੋਨ ਕੀਤੇ। ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ, ਕਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਪਹਾੜਾਂ ‘ਚ ਸੀ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 7.7 ਮਾਪੀ ਗਈ।