ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਅੱਜ ਆਥਣੇ ਵ੍ਹਾਟਸਐਪ ‘ਤੇ ਇੱਕ ਮੈਸੇਜ ਆਇਆ ਕਿ ਕੀ ਆਪ ਨਿੰਦਰ ਘੁਗਿਆਣਵੀ ਹੋ? ਮੈਂ ਹੁਣੇ ਆਪ ਦੀ ਕਿਤਾਬ ਅੰਗਰੇਜ਼ੀ ‘ਚ (I was a judge’s orderly) ਪੜ੍ਹੀ ਹੈ ਅਤੇ ਆਪਣੀ ਸਾਈਟ ‘ਤੇ ਉਸ ਬਾਰੇ ਲਿਖਿਆ ਹੈ, ਆਪ ਜਦ ਕਦੇ ਵੀ ਦਿੱਲੀ ਜਾਂ ਨੋਇਡਾ ਆਏ ਤਾਂ ਮਿਲਣਾ। ਮੈਂ ਉਹ ਅੰਗ੍ਰੇਜ਼ੀ ਲਿੰਕ ਆਪਣੇ ਦੋਸਤ ਨਵੀ ਨਵਪ੍ਰੀਤ ਨੂੰ ਘੱਲਿਆ। ਉਸ ਨੇ ਦੱਸਿਆ ਕਿ ਇਹ ਛੱਤੀਸਗੜ੍ਹ ਹਾਈਕੋਰਟ ਦੇ ਚੀਫ਼ ਜਸਟਿਸ ਰਹੇ ਹਨ, ਜਸਟਿਸ ਯੇਤਿੰਦਰਾ ਸਿੰਘ। ਜੱਜ ਸਾਹਿਬ ਦੇ ਲਿਖੇ ਦਾ ਪੰਜਾਬੀ ਅਨੁਵਾਦ ਹਾਜ਼ਰ ਹੈ, ਧੰਨਵਾਦ ਜਸਟਿਸ ਯੇਤਿੰਦਰਾ ਸਿੰਘ ਜੀ ਦਾ!
****
(ਇਹ ਪੋਸਟ ਨਿੰਦਰ ਘੁਗਿਆਣਵੀ ਦੁਆਰਾ ਲਿਖੀ ਗਈ ਅਤੇ ਪਰਮਜੀਤ ਸਿੰਘ ਰਮਣਾ (ਪ੍ਰਕਾਸ਼ਕ: ਨੈਸ਼ਨਲ ਬੁੱਕ ਟਰੱਸਟ ਔਫ਼ ਇੰਡੀਆ ਦਿੱਲੀ) ਦੁਆਰਾ ਅਨੁਵਾਦ ਕੀਤੀ ਗਈ ਕਿਤਾਬ ਆਈ ਵਾਜ਼ ਜੱਜਜ਼ ਔਰਡਰਲੀ ਦੀ ਸਮੀਖਿਆ ਹੈ। ਇਸ ਤੋਂ ਪਹਿਲੇ ਇਸੇ ਕਿਤਾਬ ਦਾ ਹਿੰਦੀ, ਉਰਦੂ, ਬੰਗਲਾ, ਕੰਨੜ, ਤੇਲਗੂ, ਮਲਿਆਲਮ, ਸਿੰਧੀ, ਗੁਜਰਾਤੀ, ਮੈਥਿਲੀ ਅਤੇ ਭੋਜਪੁਰੀ ‘ਚ ਵੀ ਅਨੁਵਾਦ ਕੀਤਾ ਗਿਆ ਹੈ।
ਮੈਂ ਨਵੀਂ ਦਿੱਲੀ ‘ਚ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਹਰ ਵਿਸ਼ਵ ਪੁਸਤਕ ਮੇਲੇ ਦਾ ਦੌਰਾ ਕੀਤਾ ਹੈ ਹਾਲਾਂਕਿ ਇਸ ਸਦੀ ਦੇ ਸ਼ੁਰੂ ‘ਚ ਅਜਿਹਾ ਕਰਨਾ ਬੰਦ ਕਰ ਦਿੱਤਾ ਸੀ। ਮੇਰਾ ਬੇਟਾ ਅਮਰੀਕਾ ਲਈ ਰਵਾਨਾ ਹੋ ਗਿਆ ਅਤੇ ਮੈਂ ਇੱਕ ਜੱਜ ਵਜੋਂ ਆਪਣੇ ਨਿਆਇਕ ਕਾਰਜਾਂ ‘ਚ ਰੁੱਝ ਗਿਆ ਅਤੇ ਛੱਤੀਸਗੜ੍ਹ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਇਆ। ਮੈਂ ਨੋਇਡਾ ‘ਚ ਪੱਕੇ ਤੌਰ ‘ਤੇ ਰਿਹਾਇਸ਼ ਤੋਂ ਬਾਅਦ ਵੀ ਪੁਸਤਕ ਮੇਲੇ ‘ਚ ਨਹੀਂ ਜਾ ਸਕਿਆ, ਪਰ ਇਸ ਸਾਲ ਮੈਂ ਮਨ ਬਣਾਇਆ ਕਿ ਮੈਂ ਜਾਣਾ ਹੀ ਹੈ ਅਤੇ ਇਸ ਵਾਰ ਉਥੇ ਹਾਜ਼ਰ ਸਾਂ। ਉਥੇ ਪਹਿਲੀ ਬੁਕ ਸਟਾਲ ਜੋ ਮੈਂ ਦੇਖੀ, ਉਹ ਨੈਸ਼ਨਲ ਬੁੱਕ ਟਰੱਸਟ ਦੀ ਸੀ ਅਤੇ ਉਥੇ ਕਿਤਾਬਾਂ ‘ਤੇ ਝਾਤ ਮਾਰਦਿਆਂ ਇੱਕ ਸਿਰਲੇਖ ਆਈ ਵਾਜ਼ ਔਰਡਰਲੀ ਔਫ਼ ਜੱਜਜ਼ ਨੇ ਮੇਰਾ ਧਿਆਨ ਖਿੱਚਿਆ। ਇਹ ਮਸ਼ਹੂਰ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਪੰਜਾਬੀ ਪੁਸਤਕ (ਮੈਂ ਸਾਂ ਜੱਜ ਦਾ ਅਰਦਲੀ) ਦਾ ਅੰਗਰੇਜ਼ੀ ਅਨੁਵਾਦ ਹੈ। ਉਹ ਗਾਇਕ ਵੀ ਹੈ ਅਤੇ ਪੰਜਾਬੀ ਦਾ ਪ੍ਰਮੁੱਖ ਲੇਖਕ ਵੀ ਜਿਸ ਨੇ 57 ਕਿਤਾਬਾਂ ਲਿਖੀਆਂ ਹਨ ਅਤੇ ਅਖਬਾਰਾਂ ਅਤੇ ਰਸਾਲਿਆਂ ਲਈ ਨਿਯਮਿਤ ਤੌਰ ‘ਤੇ ਕਾਲਮ ਲਿਖ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਾਹਿਤਕ ਯਤਨਾਂ ਲਈ ਸਨਮਾਨਿਤ ਵੀ ਕੀਤਾ ਗਿਆ ਹੈ। ਮੈਂ ਕਿਤਾਬ ਨੂੰ ਆਕਰਸ਼ਕ ਸਿਰਲੇਖ ਅਤੇ ਇਸ ਲਈ ਚੁੱਕਿਆ ਸੀ ਕਿ ਇਹ ਕਿਤਾਬ ਸਾਡੇ ਸਟਾਫ਼ ਦੇ ਦ੍ਰਿਸ਼ਟੀਕੋਣ ਤੋਂ ਜੱਜਾਂ ਦੀ ਜ਼ਿੰਦਗੀ ‘ਤੇ ਵੀ ਰੌਸ਼ਨੀ ਪਾ ਸਕਦੀ ਹੈ। ਸੱਚੀਂ, ਕੀ ਇਹ ਦਿਲਚਸਪ ਨਹੀਂ ਸੀ?
ਲੇਖਕ ਨੇ ਜ਼ਿਲ੍ਹਾ ਅਦਾਲਤਾਂ ‘ਚ ਇੱਕ ਵਕੀਲ ਦੇ ਕਲਰਕ ਵਜੋਂ ਸ਼ੁਰੂਆਤ ਕੀਤੀ ਸੀ, ਅਤੇ ਫ਼ਿਰ ਘਰੇਲੂ ਨੌਕਰ ਵਜੋਂ ਵਧੀਕ ਜ਼ਿਲ੍ਹਾ ਜੱਜ ਦਾ ਅਰਦਲੀ ਬਣ ਗਿਆ। ਉਸ ਨੇ ਤਿੰਨ ਵੱਖ-ਵੱਖ ਜੱਜਾਂ ਨਾਲ ਕੰਮ ਕੀਤਾ ਅਤੇ ਅੰਤ ‘ਚ ਜ਼ਿਲ੍ਹਾ ਜੱਜ ਨਾਲ। ਪੁਸਤਕ ‘ਚ ਲੇਖਕ ਦੀਆਂ ਉਨ੍ਹਾਂ ਜੱਜਾਂ ਨਾਲ ਜੁੜੀਆਂ ਹੋਈਆਂ ਕੌੜੀਆਂ ਮਿੱਠੀਆਂ ਯਾਦਾਂ ਹਨ। ਉਸ ਦੇ ਨਿਰੀਖਣ ਸਧਾਰਨ ਹਨ, ਪਰ ਡੂੰਘੇ ਅਰਥ ਸੰਚਾਰ ਦੀ ਸਮਰੱਥਾ ਰੱਖਦੇ ਹਨ – ਉੱਚ ਅਹੁਦਿਆਂ ਦੇ ਅਧਿਕਾਰੀਆਂ ਦੁਆਰਾ ਉਹਨਾਂ ਦੇ ਵਿਚਾਰ ਅਤੇ ਵਿਹਾਰ ਦੇ ਯੋਗ। ਇੱਕ ਥਾਂ ਉਹ ਲਿਖਦਾ ਹੈ, “ਰਿੰਕੂ ਜੱਜ ਦਾ ਪੁੱਤਰ … ਉਸ ਵਿੱਚ ਹੰਕਾਰ ਦਾ ਕੋਈ ਨਿਸ਼ਾਨ ਨਹੀਂ ਸੀ … ਨਹੀਂ ਤਾਂ, ਅਕਸਰ ਦੇਖਿਆ ਜਾਂਦਾ ਹੈ ਕਿ ਸੀਨੀਅਰ ਅਫ਼ਸਰਾਂ ਦੇ ਪੁੱਤਰ ਅਤੇ ਧੀਆਂ ਲਾਡ-ਪਿਆਰ ਕਿਥੇ ਕਰਦੇ ਹਨ ਨੌਕਰਾਂ ਨੂੰ? “ਖ਼ੈਰ, ਕਾਫ਼ੀ ਹੱਦ ਤੱਕ, ਇਹ ਸਹੀ ਹੈ ਅਤੇ ਮੰਦਭਾਗਾ ਵੀ ਹੈ। ਤਾਕਤਵਰ ਲੋਕਾਂ ਦੇ ਬੱਚਿਆਂ ਨੂੰ ਜਦੋਂ ਸਹੀ ਮਾਰਗਦਰਸ਼ਨ ਪ੍ਰਦਾਨ ਨਹੀਂ ਕੀਤਾ ਜਾਂਦਾ ਤਾਂ ਉਹ ਸੱਤਾ ਦੇ ਨਸ਼ੇ ‘ਚ ਡੁੱਬ ਜਾਂਦੇ ਹਨ। ਮੈਨੂੰ ਖ਼ੁਸ਼ੀ ਹੈ ਕਿ ਮੇਰਾ ਬੇਟਾ ਪਹਿਲਾਂ ਹੀ IIT ਲਈ ਵਿਦੇਸ਼ ਚਲਾ ਗਿਆ ਸੀ। ਜਦੋਂ ਮੈਨੂੰ ਅਜਿਹੀ ਸਥਿਤੀ (ਜੱਜ ਬਣਨ) ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਉਸ ਨੂੰ ਕਦੇ ਵੀ ਸੱਤਾ ਦੇ ਨਸ਼ੇ ‘ਚ ਹੋਣ ਦਾ ਮੌਕਾ ਹੀ ਨਹੀਂ ਮਿਲਿਆ। ਖ਼ੈਰ! ਲੇਖਕ ਇੱਕ ਥਾਂ ਹੋਰ ਲਿਖਦਾ ਹੈ, “ਦੀਵਾਲੀ ਹੋਵੇ ਜਾਂ ਨਵਾਂ ਸਾਲ, ਹਰ ਤਰ੍ਹਾਂ ਦੇ ਤੋਹਫ਼ੇ ਦੇਣਾ ਅਤੇ ਲੈਣਾ ਪੂਰੇ ਭਾਰਤ ‘ਚ ਇੱਕ ਰਿਵਾਜ ਜਿਹ ਬਣ ਗਿਆ ਹੈ। ਸੀਨੀਅਰ ਅਧਿਕਾਰੀ ਅਤੇ ਹੋਰ ਤਾਕਤਵਰ ਲੋਕ ਇਨ੍ਹਾਂ ਦਿਨਾਂ ਦੀ ਬੇਚੈਨੀ ਨਾਲ ਉਡੀਕ ਕਰਦੇ ਦੇਖੇ ਜਾ ਸਕਦੇ ਹਨ … ਲੋਕਾਂ ਨੂੰ ਰਿਵਾਇਤੀ ਤੋਹਫ਼ਿਆਂ ਦੇ ਨਾਂ ‘ਤੇ ਲੁੱਟਿਆ ਜਾਂਦਾ ਹੈ, ਮਹਿੰਗੇ ਤੋਹਫ਼ੇ ਲੈਣ ਅਤੇ ਦੇਣ ਦਾ ਇਹ ਸਿਸਟਮ ਅਫ਼ਸਰਸ਼ਾਹੀ ਦਾ ਡੂੰਘਾ ਅਤੇ ਸਥਾਪਿਤ ਹੋਇਆ ਇੱਕ ਨੈੱਟਵਰਕ ਹੈ।”ਸਿਆਸਤਦਾਨ, ਸਨਅਤਕਾਰ ਅਤੇ ਹੁਣ ਜੱਜ ਵੀ ਇਸ ਦੀ ਲਪੇਟ ‘ਚ ਹਨ। ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਨਾਂ ‘ਤੇ ਕੀਤਾ ਗਿਆ ਇਹ ਡਰਾਮਾ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ, “ਹੇ ਮੇਰੇ ਭਾਰਤ, ਤੂੰ ਕਿੱਧਰ ਜਾ ਰਿਹਾ ਏਂ? ”
ਪਰਿਵਾਰ ਦੇ ਮੈਂਬਰਾਂ, ਦੋਸਤਾਂ, ਜਾਂ ਤੁਹਾਡੇ ਮਾਤਹਿਤ ਵਿਅਕਤੀਆਂ ਨੂੰ ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਲਈ ਤੋਹਫ਼ੇ ਦੇਣਾ ਠੀਕ ਹੈ, ਪਰ ਮਾਤਹਿਤ ਦੇ ਰੂਪ ‘ਚ ਤੋਹਫ਼ੇ ਪ੍ਰਾਪਤ ਕਰਨਾ ਗ਼ਲਤ ਹੈ; ਇਹ ਕਦੇ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮੈਂ ਕਦੇ ਵੀ ਕੋਈ ਤੋਹਫ਼ਾ ਸਵੀਕਾਰ ਨਹੀਂ ਕੀਤਾ, ਚਾਹੇ ਉਹ ਵਕੀਲਾਂ ਜਾਂ ਮਾਤਹਿਤਾਂ ਤੋਂ ਮਠਿਆਈਆਂ ਜਾਂ ਹੋਰ ਕੋਈ ਚੀਜ਼ ਹੋਵੇ ਪਰ ਮੇਰੇ ਬਹੁਤ ਸਾਰੇ ਮੁਖੀਆਂ ਅਤੇ ਸੀਨੀਅਰਾਂ ਨੇ ਮੈਨੂੰ ਆਪਣੀਆਂ ਦੁਰਲੱਭ ਕਿਤਾਬਾਂ ਭੇਂਟ ਕੀਤੀਆਂ ਹਨ ਜਿਨ੍ਹਾਂ ਦੀ ਮੈਂ ਅੱਜ ਵੀ ਕਦਰ ਕਰਦਾ ਹਾਂ।
ਲੇਖਕ ਨਿੰਦਰ ਦੀ ਇਸ ਪੁਸਤਕ ਵਿੱਚ ਕੁੱਝ ਹਾਸੋਹੀਣੀਆਂ ਘਟਨਾਵਾਂ ਵੀ ਸ਼ਾਮਿਲ ਹਨ। ਉਹ ਲਿਖਦਾ ਹੈ, “ਉਚ ਸਮਾਜ ਦੇ ਮੈਂਬਰਾਂ ਦੇ ਵਿਵਹਾਰ ਨੂੰ ਵੇਖ ਕੇ, ਮੈਨੂੰ ਵੀ ਪੈੱਗ ਪੀਣਾ ਪਿਆ, ਮੈਂ ਇੱਕ ਪੈੱਗ ਡੋਲ੍ਹ ਦਿੱਤਾ … ਸਾਹਿਬ ਦੁਆਰਾ ਸ਼ਰਾਬ ਚੋਰੀ ਕਰਨ ਦੇ ਫ਼ੜੇ ਜਾਣ ਤੋਂ ਬਚਣ ਲਈ ਮੈਂ ਉਸੇ ਮਾਤਰਾ ‘ਚ ਸੋਡਾ ਜੱਜ ਸਾਹਿਬ ਦੀ ਬੋਤਲ ‘ਚ ਪਾ ਦਿੱਤਾ।”ਅਜਿਹਾ ਸਿਰਫ਼ ਸਟਾਫ਼ ਦੁਆਰਾ ਹੀ ਨਹੀਂ ਸਗੋਂ ਅਕਸਰ ਪਰਿਵਾਰਕ ਮੈਂਬਰਾਂ ਦੁਆਰਾ ਵੀ ਹੁੰਦਾ ਹੈ। ਮੇਰੇ ਕਈ ਦੋਸਤਾਂ ਨੇ ਆਪਣੇ ਪਿਤਾ ਦੀਆਂ ਸਕੌਚ ਦੀਆਂ ਬੋਤਲਾਂ ਨਾਲ ਵੀ ਅਜਿਹਾ ਹੀ ਕੀਤਾ।
ਆਪਣੀ ਜ਼ਿੰਦਗੀ ਦੀ ਸ਼ਾਮ ਨੂੰ ਮੈਂ ਅਕਸਰ ਸੋਚਦਾ ਹਾਂ ਕਿ ਮੈਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਹੈ। ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਦੌਰਾਨ ਖੇਡਾਂ ‘ਚ ਪੂਰੀ ਤਰ੍ਹਾਂ ਡੁੱਬ ਗਿਆ ਸੀ ਮੈਂ। ਫ਼ਿਰ ਆਪਣੇ ਆਪ ਨੂੰ ਵਕੀਲ ਅਤੇ ਫ਼ਿਰ ਜੱਜ ਦੇ ਪੇਸ਼ੇ ‘ਚ ਡੁਬੋ ਲਿਆ। ਦੁਬਾਰਾ ਮੌਕਾ ਮਿਲਣ ‘ਤੇ ਮੈਂ ਜ਼ਿੰਦਗੀ ਨੂੰ ਵੱਖਰੇ ਤਰੀਕੇ ਨਾਲ ਜੀਵਾਂਗਾ – ਮੈਂ ਬੇਪਰਵਾਹ ਹੋਵਾਂਗਾ। ਮਜ਼ੇਦਾਰ ਤੇ ਘੱਟ ਗੰਭੀਰ ਲੋਕਾਂ ਨੂੰ ਆਪਣੇ ਜ਼ਿਆਦਾ ਦੋਸਤ ਬਣਾਵਾਂਗਾ, ਉਨ੍ਹਾਂ ਨਾਲ ਅਤੇ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਵਾਂਗਾ। ਕਿਤਾਬ ਪੜ੍ਹਨ ਤੋਂ ਬਾਅਦ ਮੈਂ ਇੱਕ ਹੋਰ ਪਹਿਲੂ ਜੋੜਿਆ ਹੈ ਕਿ ਮੈਂ ਆਪਣੇ ਸਟਾਫ਼ ਪ੍ਰਤੀ ਵਧੇਰੇ ਵਿਚਾਰਵਾਨ, ਵਧੇਰੇ ਸਮਝਦਾਰ, ਅਤੇ ਵਧੇਰੇ ਹਮਦਰਦ ਹੋਵਾਂਗਾ। ਸੋ ਆਪ ਵੀ ਕਿਤਾਬ ਨੂੰ ਪੜ੍ਹੋ, ਤੁਸੀਂ ਸੱਚ ਮੰਨਿਓ, ਇਹ ਕਿਤਾਬ ਤੁਹਾਡੇ ਲਈ ਨਵੇਂ ਬੂਹੇ ਵੀ ਖੋਲ੍ਹ ਸਕਦੀ ਹੈ।
(15 ਮਾਰਚ, 2023)
ਜਸਟਿਸ ਯਤੇਂਦਰਾ ਸਿੰਘ, ਸਾਬਕਾ ਮੁੱਖ ਜੱਜ, ਹਾਈਕੋਰਟ ਛੱਤੀਸਗੜ