ਔਸਕਰਜ਼ ਦੀ ਖ਼ੁਸ਼ੀ ਮਨਾਉਣ ਤੋਂ ਬਾਅਦ RRR ਦੇ ਅਦਾਕਾਰਾਂ ਦਾ ਕੰਮ ‘ਤੇ ਵਾਪਿਸ ਆਉਣ ਦਾ ਸਮਾਂ ਆ ਗਿਆ ਹੈ। ਅਦਾਕਾਰ ਜੂਨੀਅਰ NTR 25 ਮਾਰਚ ਤੋਂ NTR 30 ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਇਸ ਫ਼ਿਲਮ ਦੇ ਮਹੂਰਤ ਲਈ ਪੂਜਾ 25 ਮਾਰਚ ਨੂੰ ਹੈਦਰਾਬਾਦ ‘ਚ ਸ਼ੁਰੂ ਹੋਵੇਗੀ। ਜੂਨੀਅਰ NTR ਦੇ ਪ੍ਰਸ਼ੰਸਕ ਆਖਰਕਾਰ ਜਸ਼ਨ ਮਨਾ ਸਕਦੇ ਹਨ ਕਿਉਂਕਿ ਉਸ ਦੇ ਅਗਲੇ ਉਡੀਕੇ ਜਾ ਰਹੇ ਪ੍ਰੌਜੈਕਟ ਬਾਰੇ ਨਿਰਮਾਤਾਵਾਂ ਨੇ ਅੱਪਡੇਟ ਸਾਂਝੀ ਕੀਤੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਲਿਖਿਆ, “ਤੂਫ਼ਾਨ ਦੀ ਚਿਤਾਵਨੀ NTR 30 ਫ਼ਿਲਮ ਦਾ ਮਹੂਰਤ 25 ਮਾਰਚ ਨੂੰ। ਜੂਨੀਅਰ NTR ਅਤੇ ਜਾਹਨਵੀ ਕਪੂਰ ਪਹੁੰਚਣਗੇ।” ਇਸ ਫ਼ਿਲਮ ਦਾ ਨਿਰਦੇਸ਼ਨ ਜਨਤਾ ਗੈਰਾਜ ਦੇ ਨਿਰਦੇਸ਼ਕ ਕੋਰਾਤਲਾ ਸ਼ਿਵਾ ਕਰਨਗੇ। ਪੈਨ-ਇੰਡੀਅਨ ਰਿਲੀਜ਼ ‘ਚ ਅਨਿਰੁੱਧ ਰਵੀਚੰਦਰ ਵਲੋਂ ਸੰਗੀਤ ਦਿੱਤਾ ਜਾਵੇਗਾ ਜਦਕਿ ਆਰ.ਰਤਨਾਵੇਲੂ ਕੈਮਰਾ ਸੰਭਾਲਣਗੇ। ਇਹ ਫ਼ਿਲਮ ਅਗਲੇ ਸਾਲ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਇਸੇ ਤਰ੍ਹਾਂ ਫ਼ਿਲਮ RRR ਦੇ ਅਦਾਕਾਰ ਰਾਮ ਚਰਨ ਨੇ ਆਪਣੀ 15ਵੀਂ ਫ਼ਿਲਮ ਦੀ ਸ਼ੂਟਿੰਗ ਮੁੜ ਆਰੰਭ ਦਿੱਤੀ ਹੈ। ਤੇਲਗੂ ਭਾਸ਼ਾ ‘ਚ ਬਣ ਰਹੀ ਇਸ ਫ਼ਿਲਮ ‘ਚ ਰਾਮ ਚਰਨ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਫ਼ਿਲਮ ਦਾ ਹਾਲੇ ਨਾਂ ਨਿਰਧਾਰਿਤ ਨਹੀਂ ਕੀਤਾ ਗਿਆ। ਲੌਸ ਐਂਜਲਸ ‘ਚ ਹੋਏ ਅਕਾਦਮੀ ਐਵਾਰਡ ਸਮਾਗਮ ‘ਚ ਸ਼ਾਮਿਲ ਹੋਣ ਮਗਰੋਂ ਅਦਾਕਾਰ ਬੀਤੇ ਸ਼ੁੱਕਰਵਾਰ ਭਾਰਤ ਪਰਤਿਆ ਹੈ। ਸ਼ੂਟਿੰਗ ‘ਤੇ ਪਰਤੇ ਅਦਾਕਾਰ ਦਾ ਸਵਾਗਤ ਫ਼ਿਲਮ ਦੇ ਅਮਲੇ ਨੇ ਗੀਤ ਨਾਟੂ ਨਾਟੂ ‘ਤੇ ਪੇਸ਼ਕਾਰੀ ਦੇ ਕੇ ਕੀਤਾ। ਇਹ ਪੇਸ਼ਕਾਰੀ ਕੋਰੀਓਗ੍ਰਾਫ਼ਰ ਪ੍ਰਭੂਦੇਵਾ ਵਲੋਂ ਤਿਆਰ ਕਰਵਾਈ ਗਈ ਸੀ। ਇਸ ਸਬੰਧੀ ਇੱਕ ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕਿਹਾ, “ਇਸ ਨਿੱਘੇ ਸਵਾਗਤ ਲਈ ਮੈਂ ਜਿੰਨਾ ਵੀ ਧੰਨਵਾਦ ਕਰਾਂ ਘੱਟ ਹੋਵੇਗਾ। ਪ੍ਰਭੂਦੇਵਾ ਸਰ ਇਸ ਪਿਆਰੇ ਤੋਹਫ਼ੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫ਼ਿਲਮ ਦੀ ਸ਼ੂਟਿੰਗ ‘ਤੇ ਮੁੜ ਕੇ ਬਹੁਤ ਖ਼ੁਸ਼ ਹਾਂ!”