ਕਲਮ, ਲੋਕ ਕਹਿੰਦੇ ਨੇ, ਤਲਵਾਰ ਨਾਲੋਂ ਵੱਧ ਤਾਕਤਵਰ ਹੁੰਦੀ ਹੈ। ਪਰ ਜੇ ਤੁਸੀਂ ਕੋਈ ਤਲਵਾਰਬਾਜ਼ੀ ਮੁਕਾਬਲਾ ਲੜ ਰਹੇ ਹੋਵੋ ਤਾਂ ਜ਼ਰੂਰੀ ਨਹੀਂ ਕਿ ਇਹ ਕਹਾਵਤ ਤੁਹਾਨੂੰ ਬਹੁਤੀ ਢੁੱਕਵੀਂ ਲੱਗੇ ਕਿਉਂਕਿ ਉਸ ਵਿੱਚ ਤੁਹਾਨੂੰ ਕਲਮ ਨਹੀਂ ਤਲਵਾਰ ਹੀ ਦਰਕਾਰ ਹੋਵੇਗੀ। ਕਈ ਵਾਰ ਅਜਿਹਾ ਵਕਤ ਆ ਜਾਂਦੈ ਜਦੋਂ ਸਾਨੂੰ ਅਨਾੜੀ ਹਰਬੇ ਅਤੇ ਆਦਮਕਾਲੀ ਤਕਨੀਕਾਂ ਨੂੰ ਅਪਨਾਉਣ ਲਈ ਮਜਬੂਰ ਹੋਣਾ ਪੈਂਦੈ। ਤੁਹਾਡੀ ਤਮੰਨਾ ਹੈ ਕਿ ਤੁਸੀਂ ਕਿਸੇ ਸੰਵੇਦਨਸ਼ੀਲ ਸਥਿਤੀ ਨਾਲ ਸੁਚੱਜੇ ਅਤੇ ਨਫ਼ੀਸ ਢੰਗ ਨਾਲ ਨਜਿੱਠੋ। ਤੁਸੀਂ ਬਹੁਤ ਜ਼ੋਰ ਨਾਲ ਚੱਲਣ ਦੀ ਆਪਣੀ ਆਦਤ ਬਾਰੇ ਸੁਚੇਤ ਹੋ। ਪਰ ਜੇ ਤੁਸੀਂ ਕਿਸੇ ਵੀ ਹੋਰ ਨੂੰ ਪੁੱਛੋਗੇ ਤਾਂ ਉਹ ਕਹਿਣਗੇ ਕਿ ਤੁਸੀਂ ਤਾਂ ਸਿਰਫ਼ ਪੱਬਾਂ ਭਾਰ ਤੁਰ ਰਹੇ ਹੋ। ਕਿਸੇ ਦੀ ਵੀ ਆਲੋਚਨਾ ਨਾ ਕਰੋ, ਖ਼ਾਸਕਰ ਆਪਣੀ। ਬੱਸ ਇਮਾਨਦਾਰੀ ਨਾਲ ਲੱਗੇ ਰਹੋ।
ਜਿਹੜੇ ਲੋਕ ਸ਼ਹਿਰਾਂ ‘ਚ ਰਹਿੰਦੇ ਹੋਣ ਛੇਤੀ ਹੀ ਉਨ੍ਹਾਂ ਨੂੰ ਸੜਕਾਂ ‘ਤੇ ਵਗਦੇ ਟ੍ਰੈਫ਼ਿਕ ਦਾ ਸ਼ੋਰ ਸੁਣਨਾ ਬੰਦ ਹੋ ਜਾਂਦੈ। ਪਿੰਡਾਂ ਦੇ ਬਾਸ਼ਿੰਦੇ ਜ਼ਮੀਨੀ, ਪੇਂਡੂ ਫ਼ਾਰਮੀ ‘ਸੁਗੰਧੀਆਂ’ ਦੇ ਇੰਨੇ ਆਦੀ ਹੋ ਜਾਂਦੇ ਨੇ ਕਿ ਉਹ ਉਨ੍ਹਾਂ ਨੂੰ ਬਹੁਤਾ ਨੋਟਿਸ ਹੀ ਨਹੀਂ ਕਰਦੇ। ਤੁਹਾਡੇ ਭਾਵਨਾਤਮਕ ਜੀਵਨ ‘ਚ ਤੁਹਾਡਾ ਧਿਆਨ ਇਸ ਵਕਤ ਕਿਸੇ ਅਜਿਹੇ ਮੁੱਦੇ ਵੱਲ ਖਿੱਚਿਆ ਜਾ ਰਿਹਾ ਹੈ ਜਿਸ ਨੂੰ ਤੁਸੀਂ ਕਾਫ਼ੀ ਲੰਬੇ ਅਰਸੇ ਤੋਂ ਅਣਗੌਲਿਆ ਕਰ ਰਹੇ ਸੀ। ਪਰ ਹੁਣ ਤੁਸੀਂ ਉਸ ਬਾਰੇ ਜਾਣਦੇ ਹੋ, ਤੁਸੀਂ ਉਸ ਤੋਂ ਅਣਜਾਣ ਨਹੀਂ ਬਣ ਸਕਦੇ। ਤੁਹਾਨੂੰ ਦਰਪੇਸ਼ ਕਿਸੇ ਕਿਸਮ ਦੀ ਵੀ ਅਸੁਵਿਧਾ, ਉਸ ਜਾਗ੍ਰਿਤੀ ਪ੍ਰਕਿਰਿਆ ਦਾ ਇੱਕ ਜ਼ਰੂਰੀ ਹਿੱਸਾ ਹੈ ਜਿਹੜੀ ਇੱਕ ਵੱਡਾ ਸੁਧਾਰ ਲੈ ਕੇ ਆਵੇਗੀ। ਜਿਵੇਂ-ਜਿਵੇਂ ਤੁਸੀਂ ਵਧੇਰੇ ਚੇਤੰਨ ਹੋ ਰਹੇ ਹੋ, ਵਧੇਰੇ ਸੰਤੋਖਵਾਨ ਬਣਨ ਦੀ ਵੀ ਕੋਸ਼ਿਸ਼ ਕਰੋ।
ਪੱਥਰ ‘ਤੇ ਲਕੀਰ ਵਰਗੇ ਵਿਚਾਰ ਜਾਂ ਇੱਕ ਬੰਦ ਦਿਮਾਗ਼ ‘ਚੋਂ ਉਪਜੀ ਸੋਚ ਤੋਂ ਵੱਧ ਜੀਵਨ ਦੀ ਗੁਣਵੱਤਾ ਨੂੰ ਹੋਰ ਕੋਈ ਵੀ ਸ਼ੈਅ ਨਹੀਂ ਘਟਾ ਸਕਦੀ। ਜਿਸ ਪਲ ਅਸੀਂ ਕਿਸੇ ਵਿਅਕਤੀ ਜਾਂ ਚੀਜ਼ ਬਾਰੇ ਨਿਰਣਾਇਕ ਰੂਪ ‘ਚ ਕੋਈ ਟਿੱਪਣੀ ਕਰ ਦਿੰਦੇ ਹਾਂ, ਅਸੀਂ ਖ਼ੁਦ ਦੇ ਭਵਿੱਖ ਲਈ ਇੱਕ ਜਾਲ ਵਿਛਾ ਲੈਂਦੇ ਹਾਂ। ਅਸੀਂ ਇਹ ਗੱਲ ਗੈਰੰਟੀ ਨਾਲ ਕਹਿ ਸਕਦੇ ਹਾਂ ਕਿ ਇੱਕ ਦਿਨ ਅਜਿਹਾ ਜ਼ਰੂਰ ਆਏਗਾ ਜਦੋਂ ਸਾਨੂੰ ਆਪਣੇ ਇਸ ਮਹਾਨ ਦਾਅਵੇ ‘ਤੇ ਸਵਾਲ ਖੜ੍ਹੇ ਕਰਨੇ ਪੈਣਗੇ। ਜਿਵੇਂ ਬਾਈਬਲ ਵਿਚਲਾ ਇੱਕ ਕਥਨ ਹੈ: “Judge not, that you be not judged, “ਭਾਵ ਦੂਸਰਿਆਂ ਬਾਰੇ ਕੋਈ ਨਿਰਣੇ ਨਾ ਦਿਓ, ਜੇ ਤੁਸੀਂ ਖ਼ੁਦ ਉਸੇ ਕਸਵਟੀ ‘ਚ ਨਹੀਂ ਤੁਲਣਾ ਚਾਹੁੰਦੇ। ਇਸ ਵਕਤ ਸਹੀ ਅਤੇ ਗ਼ਲਤ ਮਾਮਲਿਆਂ ਬਾਰੇ ਸਪੱਸ਼ਟ ਫ਼ੈਸਲੇ ਕਰਨ ਦਾ ਲਾਲਚ ਬਹੁਤ ਸਤਾ ਰਿਹਾ ਹੋ ਸਕਦੈ। ਪਰ ਅਜਿਹਾ ਕਰਨਾ ਸਿਆਣਪ ਨਹੀਂ। ਸਿੱਖਦੇ ਰਹਿਣ ਲਈ ਤਤਪਰ ਰਹਿਣ ਦਾ ਫ਼ਾਇਦਾ ਹੋਵੇਗਾ।
ਸਫ਼ਲਤਾ ਦੀ ਕੁੰਜੀ ਕਿਓਂ ਭਾਲੀਏ? ਇੱਕ ਕੁੰਜੀ ਤਾਂ ਕਿਸੇ ਇੱਕ ਖ਼ਾਸ ਦਰਵਾਜ਼ੇ ਨੂੰ ਖੋਲ੍ਹਣ ਲਈ ਬਣੀ ਹੁੰਦੀ ਹੈ। ਸਫ਼ਲਤਾ, ਪਰ, ਕਦੇ ਵੀ ਕੋਈ ਇੱਕ ਚੀਜ਼ ਕਰਨ (ਜਾਂ ਹਾਸਿਲ ਕਰਨ) ਦੀ ਕਾਬਲੀਅਤ ਨਹੀਂ ਹੁੰਦੀ। ਜਦੋਂ ਅਸੀਂ ਇਸ ਬਾਰੇ ਆਪਣੀ ਪਰਿਭਾਸ਼ਾ ਸੌੜੀ ਕਰ ਲੈਂਦੇ ਹਾਂ ਕਿ ਸਫ਼ਲਤਾ ਕੀ ਹੈ, ਅਸੀਂ ਖ਼ੁਦ ਨੂੰ ਅਸਫ਼ਲਤਾ ਸਨਮੁੱਖ ਅਸੁਰੱਖਿਅਤ ਕਰ ਲੈਂਦੇ ਹਾਂ। ਕਈ ਦਰਵਾਜ਼ੇ ਸਫ਼ਲਤਾ ਵੱਲ ਜਾਂਦੇ ਹਨ, ਅਤੇ ਉਨ੍ਹਾਂ ‘ਚੋਂ ਕੁੱਝ ‘ਤੇ ਤਾਂ ਤਾਲੇ ਵੀ ਨਹੀਂ ਲੱਗੇ ਹੋਏ। ਜੇ ਤੁਹਾਨੂੰ ਸੱਚਮੁੱਚ ਕੋਈ ਕੁੰਜੀ ਚਾਹੀਦੀ ਹੈ ਤਾਂ ਉਹ ਹੈ ਇੱਕ Master Key ਭਾਵ ਚੋਰ-ਕੁੰਜੀ। ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਤੁਹਾਡੇ ਭਾਵਨਾਤਮਕ ਜੀਵਨ ਵਿਚਲਾ ਮੌਕਾ ਵੀ ਤੁਹਾਡੇ ਲਈ ਇੱਕ ਮਾਸਟਰ ਕੀਅ ਹੈ।
ਕਲਪਨਾ ਕਰੋ ਕਿ ਤੁਸੀਂ ਸੰਗੀਤਕ ਸਮਾਰੋਹਾਂ ‘ਚ ਇੱਕ ਪਿਆਨੋਵਾਦਕ ਬਣਨ ਦੀ ਟ੍ਰੇਨਿੰਗ ਲੈ ਰਹੇ ਹੋ। ਇੱਕ ਦਿਨ, ਕੁੱਝ ਨਿਆਣਿਆਂ ਦੇ ਮਨਪ੍ਰਚਾਵੇ ਲਈ, ਤੁਸੀਂ ਮੌਕੇ ‘ਤੇ ਹੀ ਬਿਨਾ ਕਿਸੇ ਤਿਆਰੀ ਦੇ ਕੁੱਝ ਕੁ ਸੁਰੀਲੇ ਨਗ਼ਮੇ ਵਜਾਉਂਦੇ ਹੋ। ਤੁਹਾਡੀ ਪ੍ਰਸਤੁਤੀ ਨੂੰ ਜ਼ੋਰਦਾਰ ਵਾਹ-ਵਾਹੀ ਮਿਲਦੀ ਹੈ। ਸਾਰੇ ਨਿਆਣੇ ਤੁਹਾਨੂੰ ਸੁਣ ਕੇ ਬਹੁਤ ਹੀ ਉਤਸ਼ਾਹਿਤ ਹਨ। ਤੁਹਾਡੇ ਬਾਰੇ ਗੱਲਬਾਤ ਦੂਰ-ਦੂਰ ਤਕ ਫ਼ੈਲ ਜਾਂਦੀ ਹੈ। ਅਚਾਨਕ, ਤੁਹਾਡੀ ਮੰਗ ਬਹੁਤ ਵੱਧ ਜਾਂਦੀ ਹੈ, ਪਰ ਉਸ ਕਾਬਲੀਅਤ ਲਈ ਨਹੀਂ ਜਿਹੜੀ ਤੁਹਾਡੇ ਲਈ ਬਹੁਤ ਅਹਿਮੀਅਤ ਰੱਖਦੀ ਹੈ। ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿਚਲੀ ਮੌਜੂਦਾ ਪ੍ਰਾਪਤੀ ਬਾਰੇ ਵੀ ਇੱਕ ਸ਼ੈਅ ਥੋੜ੍ਹੀ ਜਿੰਨੀ ਪੇਰਸ਼ਾਨ ਕਰਨ ਵਾਲੀ ਹੈ। ਇਹ ਪ੍ਰਾਪਤੀ ਬਿਲਕੁਲ ਓਹੋ ਜਿਹੀ ਨਹੀਂ ਜਿਹੋ ਜਿਹੀ ਤੁਸੀਂ ਤਵੱਕੋ ਕੀਤੀ ਸੀ। ਪਰ, ਫ਼ਿਰ ਵੀ, ਇਹ ਤੁਹਾਨੂੰ ਇੱਕ ਅਜਿਹੀ ਧਾਰ ਦਿੰਦੀ ਹੈ ਜਿਹੜੀ ਤੁਹਾਡੇ ਲਈ ਫ਼ਾਇਦੇਮੰਦ ਸਾਬਿਤ ਹੋਵੇਗੀ। ਜੋ ਹੈ, ਉਸ ਲਈ ਸ਼ਕਰਗੁਜ਼ਾਰ ਹੋਵੋ। ਜੋ ਨਹੀਂ, ਉਸ ਨੂੰ ਭੁੱਲ ਜਾਓ।