ਪੰਜਾਬ ਦੀ ਜਨਤਾ ਦੇ ਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ, ਲਾਈਵ ਹੋ ਕੇ ਆਖੀਆਂ ਇਹ ਗੱਲਾਂ

ਚੰਡੀਗੜ੍ਹ : ਪੰਜਾਬ ਵਿਚ ਚੱਲ ਰਹੇ ਮੌਜੂਦਾ ਘਟਨਾਕ੍ਰਮ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਇਕ ਅਮਨ ਪਸੰਦ ਸੂਬਾ ਹੈ ਜਿਸ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਕੀ ਹਸ਼ਰ ਹੋਇਆ ਹੈ। ਪੰਜਾਬ ਦੀ ਜਨਤਾ ਦੇ ਨਾਮ ਦਿੱਤੇ ਸੁਨੇਹੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਤੱਤ ਅਜਿਹੇ ਸਨ ਜਿਹੜੇ ਵਿਦੇਸ਼ੀ ਤਾਕਤਾਂ ਦੇ ਹੱਥ ਚੜ੍ਹ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਫਰਤ ਭਰੀ ਬਿਆਨਬਾਜ਼ੀ ਕਰ ਰਹੇ ਸਨ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਇਸ ਕਾਰਵਾਈ ਦੌਰਾਨ ਉਹ ਤੱਤ ਫੜੇ ਗਏ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਦੇਸ਼ਭਗਤ ਪਾਰਟੀ ਹੈ। ਕੋਈ ਵੀ ਅਜਿਹੀ ਤਾਕਤ ਜਿਹੜੀ ਦੇਸ਼ ਦੇ ਖ਼ਿਲਾਫ ਪੰਜਾਬ ਵਿਚ ਪਨਪ ਰਹੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਭਾਰੀ ਬਹੁਮਤ ਦੇ ਕੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੇ ਪੁੱਤਾਂ ਨੂੰ ਗੈਰਕਾਨੂੰਨੀ ਕੰਮ ਕਰਨ ਲਈ ਕਹਿਣਾ ਬਹੁਤ ਆਸਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਲੋਕਾਂ ਨੇ ਫੋਨ ਕਰਕੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਲੋਕ ਕਹਿ ਰਹੇ ਹਨ ਅਸੀਂ ਤੁਹਾਡੇ ਨਾਲ ਹਾਂ, ਲੋਕ ਆਖ ਰਹੇ ਹਨ ਕਿ ਸਾਨੂੰ ਡਰ ਸੀ ਕਿ ਕਿਤੇ ਸਾਡੇ ਬੱਚੇ ਵੀ ਮਾੜੀ ਸੰਗਤ ਵਿਚ ਨਾ ਪੈ ਜਾਣ।
ਉਨ੍ਹਾਂ ਕਿਹਾ ਕਿ ਸਾਡੇ ਲਈ ਪਹਿਲ ਪੜ੍ਹਾਈ, ਲੈਪਟਾਪ ਤੇ ਕਿਤਾਬਾਂ ਹਨ ਨਾ ਕਿ ਹਥਿਆਰ। ਇਸ ਕਾਰਵਾਈ ਦੌਰਾਨ ਸਹਿਯੋਗ ਦੇਣ ਲਈ ਮੁੱਖ ਮੰਤਰੀ ਨੇ ਪੰਜਾਬ ਦੀ ਤਿੰਨ ਕਰੋੜ ਜਨਤਾ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇਕ ਵੀ ਮਾੜੀ ਘਟਨਾ ਨਹੀਂ ਸੁਣੀ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਤਰੱਕੀ ਚਾਹੁੰਦੇ ਹਨ, ਸਾਡੇ ਸਰਕਾਰ ਤਰੱਕੀ ਦੀ ਗੱਲ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸਾਡੀ ਪਾਰਟੀ 100 ਫੀਸਦੀ ਸੈਕੂਲਰ ਪਾਰਟੀ ਹੈ, ਅਸੀਂ ਧਰਮ ਜਾਤੀ ਦੇ ਨਾਂ ’ਤੇ ਕਦੇ ਸਿਆਸਤ ਨਹੀਂ ਕਰਦੇ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੇ ਖੂਨ ਦਾ ਇਕ-ਇਕ ਕਤਰਾ ਪੰਜਾਬ ਲਈ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੰਬਰ ਇਕ ਸੂਬਾ ਸੀ ਅਤੇ ਅਸੀਂ ਇਸ ਨੂੰ ਫਿਰ ਨੰਬਰ 1 ’ਤੇ ਲੈ ਕੇ ਆਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਜਵਾਨ ਦੇਸ਼ ਦੀ ਸਰਹੱਦ ’ਤੇ ਛਾਤੀ ਤਾਣ ਕੇ ਖੜ੍ਹੇ ਹਨ, ਪੰਜਾਬ ਦੇ ਲੋਕ ਬੇਫਿਕਰ ਰਹਿਣ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿਚ ਹੈ। ਜੇ ਪੰਜਾਬ ਨੰਬਰ ਇਕ ਸੂਬੇ ਬਣੇਗਾ ਤਾਂ ਹੀ ਦੇਸ਼ ਨੰਬਰ ਇਕ ’ਤੇ ਆਵੇਗਾ।