ਨੈਸ਼ਨਲ ਡੈਸਕ : ਭਾਰਤ ਨੇ ਐਤਵਾਰ ਰਾਤ ਨੂੰ ਦਿੱਲੀ ’ਚ ਸਭ ਤੋਂ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਖ਼ਾਲਿਸਤਾਨ ਸਮਰਥਕਾਂ ਵੱਲੋਂ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਭਾਰਤੀ ਝੰਡੇ ਨੂੰ ਉਤਾਰੇ ਜਾਣ ਤੋਂ ਬਾਅਦ “ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ” ’ਤੇ ਸਪੱਸ਼ਟੀਕਰਨ ਮੰਗਿਆ। ਵਿਦੇਸ਼ ਮੰਤਰਾਲੇ ਨੇ ਇਕ ਸਖ਼ਤ ਬਿਆਨ ਵਿਚ ਕਿਹਾ ਕਿ ਭਾਰਤ ਨੂੰ ਯੂ.ਕੇ. ਵਿਚ ਭਾਰਤੀ ਡਿਪਲੋਮੈਟਿਕ ਕੰਪਲੈਕਸਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਯੂ.ਕੇ. ਸਰਕਾਰ ਦੀ ਉਦਾਸੀਨਤਾ ਦੇਖਣ ਨੂੰ ਮਿਲੀ ਹੈ, ਜੋ ਸਵੀਕਾਰਨਯੋਗ ਨਹੀਂ ਹੈ।
ਸੂਤਰਾਂ ਨੇ ਦੱਸਿਆ ਕਿ ਦਿੱਲੀ ’ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਡਿਪਟੀ ਚੀਫ ਨੂੰ ਝੰਡਾ ਉਤਾਰੇ ਜਾਣ ਦੀ ਗੰਭੀਰ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ ਕਿਉਂਕਿ ਹਾਈ ਕਮਿਸ਼ਨਰ ਐਲੇਕਸ ਐਲਿਸ ਬਾਹਰ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ, “ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਖ਼ਿਲਾਫ਼ ਵੱਖਵਾਦੀ ਅਤੇ ਕੱਟੜਪੰਥੀਆਂ ਵੱਲੋਂ ਕੀਤੀ ਗਈ ਕਾਰਵਾਈ ਦੇ ਖਿਲਾਫ਼ ਭਾਰਤ ਦਾ ਸਖ਼ਤ ਵਿਰੋਧ ਪ੍ਰਗਟਾਉਣ ਲਈ ਨਵੀਂ ਦਿੱਲੀ ’ਚ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੂੰ ਅੱਜ ਦੇਰ ਰਾਤ ਤਲਬ ਕੀਤਾ ਗਿਆ ।”
ਮੰਤਰਾਲੇ ਨੇ ਕਿਹਾ, “ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਲਈ ਬ੍ਰਿਟੇਨ ਤੋਂ ਸਪੱਸ਼ਟੀਕਰਨ ਮੰਗਿਆ ਗਿਆ, ਜਿਸ ਕਾਰਨ ਇਹ ਤੱਤ ਹਾਈ ਕਮਿਸ਼ਨ ਦੇ ਅਹਾਤੇ ’ਚ ਦਾਖ਼ਲ ਹੋਏ।” ਵਿਦੇਸ਼ ਮੰਤਰਾਲਾ ਨੇ ਕਿਹਾ ਕਿ ‘‘ਭਾਰਤ ਨੂੰ ਬ੍ਰਿਟੇਨ ਵਿਚ ਭਾਰਤੀ ਡਿਪਲੋਮੈਟ ਕੰਪਲੈਕਸਾਂ ਤੇ ਕਰਮਚਾਰੀਆਂ ਨੂੰ ਸੁਰੱਖਿਆ ਲਈ ਬ੍ਰਿਟੇਨ ਸਰਕਾਰ ਦੀ ਬੇਰੁਖ਼ੀ ਦੇਖਣ ਨੂੰ ਮਿਲੀ ਹੈ, ਜੋ ਸਵੀਕਾਰਯੋਗ ਨਹੀਂ ਹੈ। ਮੰਤਰਾਲਾ ਨੇ ਘਟਨਾ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ, ਗ੍ਰਿਫ਼ਤਾਰ ਕਰਨ ਅਤੇ ਮੁਕੱਦਮਾ ਚਲਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ।।
ਵਿਦੇਸ਼ ਮੰਤਰਾਲਾ ਨੇ ਕਿਹਾ, ”ਉਮੀਦ ਹੈ ਕਿ ਬ੍ਰਿਟੇਨ ਦੀ ਸਰਕਾਰ ਅੱਜ ਦੀ ਘਟਨਾ ’ਚ ਸ਼ਾਮਲ ਹਰ ਵਿਅਕਤੀ ਦੀ ਪਛਾਣ ਕਰਨ, ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਲਈ ਤੁਰੰਤ ਕਦਮ ਚੁੱਕੇਗੀ ਅਤੇ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇਗੀ।” ਐਲਿਸ ਨੇ ਇਕ ਟਵੀਟ ’ਚ ਕਿਹਾ, ‘‘ਮੈਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੇ ਉਥੋਂ ਦੇ ਲੋਕਾਂ ਖ਼ਿਲਾਫ਼ ਅੱਜ ਦੀ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਾ ਹਾਂ। ਇਹ ਪੂਰੀ ਤਰ੍ਹਾਂ ਨਾਲ ਸਵੀਕਾਰਯੋਗ ਨਹੀਂ ਹੈ। ਭਾਰਤ ਨੇ ਐਤਵਾਰ ਰਾਤ ਦਿੱਲੀ ’ਚ ਸਭ ਤੋਂ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕੀਤਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਭਾਰਤੀ ਦੂਤਘਰ ’ਚ ਕਥਿਤ ਘਟਨਾ ਨੂੰ ਲੈ ਕੇ ਡਿਪਲੋਮੈਟ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।