ਰਾਹੁਲ ਗਾਂਧੀ ਨੂੰ ਦਿੱਲੀ ਪੁਲਸ ਦੇ ਨੋਟਿਸ ‘ਤੇ ਕਾਂਗਰਸ ਦਾ ਬਿਆਨ, ਕਿਹਾ “ਤਾਨਾਸ਼ਾਹ ਡਰਿਆ ਹੋਇਆ ਹੈ”

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਆਗੂ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਜਿਨ੍ਹਾਂ ਔਰਤਾਂ ਦੇ ਜਿਣਸੀ ਸ਼ੋਸ਼ਣ ਦੀ ਗੱਲ ਕੀਤੀ ਸੀ, ਉਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਦਿੱਲੀ ਪੁਲਸ ਦੇ ਨੋਟਿਸ ਦਾ ਪਾਰਟੀ ਕਾਨੂੰਨੀ ਤਰੀਕੇ ਨਾਲ ਜਵਾਬ ਦੇਵੇਗੀ।
ਪਾਰਟੀ ਨੇ ਕਿਹਾ ਹੈ ਕਿ ਅਡਾਨੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤੇ ‘ਤੇ ਰਾਹੁਲ ਗਾਂਧੀ ਦੇ ਸਵਾਲਾਂ ਤੋਂ ਮੋਦੀ ਸਰਕਾਰ ਬੌਖ਼ਲਾ ਗਈ ਹੈ। ਹੁਣ ਇਸੇ ਬੌਖ਼ਲਾਹਟ ਵਿਚ ਉਹ ਪੁਲਸ ਪਿੱਛੇ ਲੁਕ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਰਤ ਜੋੜੋ ਯਾਤਰਾ ਦੇ 45 ਦਿਨ ਬਾਅਦ ਰਾਹੁਲ ਗਾਂਧੀ ਨੂੰ ਦਿੱਲੀ ਪੁਲਸ ਨੇ ਨੋਟਿਸ ਦਿੱਤਾ ਹੈ ਤੇ ਉਨ੍ਹਾਂ ਔਰਤਾਂ ਬਾਰੇ ਜਾਣਕਾਰੀ ਮੰਗੀ ਹੈ, ਜਿਨ੍ਹਾਂ ਨੇ ਰਾਹੁਲ ਗਾਂਧੀ ਨਾਲ ਮਿਲ ਕੇ ਖ਼ੁਦ ਨਾਲ ਹੋਏ ਸ਼ੋਸ਼ਣ ਦੀ ਗੱਲ ਕਹੀ ਹੈ।
ਪਾਰਟੀ ਨੇ ਕਿਹਾ ਕਿ ਅਸੀਂ ਇਸ ਨੋਟਿਸ ਦਾ ਕਾਨੂੰਨ ਮੁਤਾਬਕ ਸਹੀ ਸਮੇਂ ‘ਤੇ ਜਵਾਬ ਦੇਣਗੇ। ਇਹ ਨੋਟਿਸ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਘਬਰਾਈ ਹੋਈ ਹੈ। ਨੋਟਿਸ ਲੋਕਤੰਤਰ, ਮਹਿਲਾ ਸਸ਼ਕਤੀਕਰਨ, ਪ੍ਰਗਟਾਵੇ ਦੀ ਆਜ਼ਾਦੀ ਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਕਮਜ਼ੋਰ ਕਰਨ ਦੀ ਇਕ ਨਵੀਂ ਕੋਸ਼ਿਸ਼ ਵੀ ਹੈ। ਤਸਵੀਰਾਂ ਗਵਾਹ ਹਨ ਕਿ ਤਾਨਾਸ਼ਾਹ ਡਰਿਆ ਹੋਇਆ ਹੈ।