ਫ਼ਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, ਕੇਂਦਰ ਨੇ 6 ਸੂਬਿਆਂ ਨੂੰ ਦਿੱਤੀਆਂ ਹਦਾਇਤਾਂ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਵਿਡ-19 ਦੇ ਸੰਭਾਵਿਤ ਸਥਾਨਕ ਪ੍ਰਸਾਰ ਦਾ ਹਵਾਲਾ ਦਿੰਦਿਆਂ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ ਵੀਰਵਾਰ ਨੂੰ 6 ਸੂਬਿਆਂ – ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਤਮਿਲਨਾਡੂ, ਕੇਰਲ ਤੇ ਕਰਨਾਟਕ ਦੇ ਖ਼ਤਰੇ ਨੂੰ ਭਾਂਪ ਕੇ ਉਸ ਮੁਤਾਬਕ ਰੁਖ ਅਖ਼ਤਿਆਰ ਕਰਨ ਨੂੰ ਕਿਹਾ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਨ੍ਹਾਂ ਨੂੰ ਸੂਬਿਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ, “ਕੁੱਝ ਸੂਬੇ ਹਨ, ਜਿੱਥੇ ਵੱਡੀ ਗਿਣਤੀ ਵਿਚ ਮਾਮਲੇ ਆ ਰਹੇ ਹਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਵਇਰਸ ਦਾ ਸੰਭਾਵਿਤ ਸਥਾਨਕ ਪ੍ਰਸਾਰ ਹੋ ਰਿਹਾ ਹੈ।” ਇਨ੍ਹਾਂ ਸੂਬਿਆਂ ਨੂੰ ਛੋਟੇ ਪੱਧਰ ‘ਤੇ ਕੋਵਿਡ-19 ਦੀ ਸਥਿਤੀ ਦਾ ਨਿਰੀਖਣ ਕਰਨ ਅਤੇ ਬਿਮਾਰੀ ਦੇ ਫ਼ੌਰੀ ਤੇ ਪ੍ਰਭਾਵੀ ਪ੍ਰਬੰਧਨ ਲਈ ਲੋੜੀਂਦੇ ਹੀਲਿਆਂ ਨੂੰ ਲਾਗੂ ਕਰਨ, ਸਿਹਤ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਦਾ ਪ੍ਰਭਾਵੀ ਰੂਪ ਨਾਲ ਪਾਲਨ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਨੇ ਸੂਬਿਆਂ ਨੂੰ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਭਾਰਤ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਾਫ਼ੀ ਕਮੀ ਆਈ ਹੈ। ਪਰ ਪਿਛਲੇ ਕੁੱਝ ਹਫ਼ਤਿਆਂ ਵਿਚ ਦੇਸ਼ ਦੇ ਕੁੱਝ ਹਿੱਸਿਆਂ ਵਿਚ ਕੋਵਿਡ-19 ਦੇ ਮਾਮਲੇ ਵਧੇ ਹਨ ਤੇ 8 ਮਾਰਚ ਤਕ ਇਕ ਹਫ਼ਤੇ ਵਿਚ ਕੁੱਲ੍ਹ 2082 ਮਾਮਲੇ ਦਰਜ ਕੀਤੇ ਗਏ ਅਤੇ 15 ਮਾਰਚ ਤਕ ਇਹ ਮਾਮਲੇ ਵੱਧ ਕੇ 3264 ਹੋ ਗਏ। ਉਨ੍ਹਾਂ ਨੇ ਕੌਮਾਂਤਰੀ ਯਾਤਰੀਆਂ ਲਈ ਜਿਨੋਮ ਸੀਕਵੈਂਸਿੰਗ, ਚੋਣਵੇਂ ਸਿਹਤ ਕੇਂਦਰਾਂ ਤੋਂ ਨਮੂਨੇ ਇਕੱਠੇ ਕਰਨ ਤੇ ਮਾਮਲਿਆਂ ਦੇ ਸਥਾਨਕ ਸਮੂਹਾਂ ‘ਤੇ ਨਜ਼ਰ ਰੱਖਣ ਤੇ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਕੋਵਿਡ ਤੋਂ ਬਚਾਅ ਬਾਰੇ ਲੋੜੀਂਦੇ ਕਦਮ ਚੁੱਕਣ ‘ਤੇ ਵੀ ਜ਼ੋਰ ਦਿੱਤਾ।