ਅਹਿਮਦਾਬਾਦ: ਭਾਰਤੀ ਕਪਤਾਨ ਰੋਹਿਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਚੌਥੇ ਟੈੱਸਟ ਦੀ ਪਹਿਲੀ ਪਾਰੀ ‘ਚ 35 ਦੌੜਾਂ ਦੀ ਪਾਰੀ ਦੌਰਾਨ ਕੌਮਾਂਤਰੀ ਕ੍ਰਿਕਟ ‘ਚ 17 ਹਜ਼ਾਂਰ ਦੌੜਾਂ ਪੂਰੀਆਂ ਕਰਨ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਦੂਜੇ ਦਿਨ ਸਟੰਪ ਤਕ ਰੋਹਿਤ 17 ਦੌੜਾਂ ‘ਤੇ ਅਜੇਤੂ ਰਿਹਾ ਅਤੇ ਤੀਜੇ ਦਿਨ ਦੀ ਖੇਡ ਦੇ ਸਵੇਰ ਦੇ ਸੈਸ਼ਨ ‘ਚ ਚਾਰ ਹੋਰ ਦੌੜਾਂ ਜੋੜ ਕੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ।
ਉਹ ਹੁਣ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਂਰ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਮਹਾਨ ਸਚਿਨ ਤੇਂਦੁਲਕਰ, ਕ੍ਰਿਸ਼ਮਈ ਵਿਰਾਟ ਕੋਹਲੀ, ਮੁੱਖ ਕੋਚ ਰਾਹੁਲ ਦ੍ਰਾਵਿੜ, ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਧਾਕੜ ਕ੍ਰਿਕਟਰ ਸ਼ਾਮਿਲ ਹਨ।
ਰੋਹਿਤ ਨੇ ਜੂਨ 2007 ‘ਚ ਆਇਰਲੈਂਡ ਦੇ ਖ਼ਿਲਾਫ਼ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਅਤੇ ਓਦੋਂ ਤੋਂ ਉਸ ਨੇ ਕੁੱਲ 48 ਟੈੱਸਟ, 241 ਵਨਡੇਅ ਅਤੇ 148 T-20 ਖੇਡੇ ਹਨ। ਉਹ ਵਨਡੇਅ ‘ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲਾ ਦੁਨੀਆਂ ਦਾ ਇਕਲੌਤਾ ਕ੍ਰਿਕਟਰ ਵੀ ਹੈ। ਅਹਿਮਦਾਬਾਦ ‘ਚ ਰੋਹਿਤ ਪਹਿਲੀ ਪਾਰੀ ‘ਚ ਵੱਧ ਦੌੜਾਂ ਬਣਾ ਸਕਦਾ ਸੀ, ਪਰ ਉਹ 58 ਗੇਂਦਾਂ ‘ਚ 35 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ 21ਵੇਂ ਓਵਰ ਦੀ ਆਖਰੀ ਗੇਂਦ ‘ਤੇ ਖੱਬੇ ਹੱਥ ਦੇ ਸਪਿਨਰ ਮੈਥਿਊ ਕੁਹਨਮੈਨ ਨੂੰ ਕਵਰ ਵੱਲ ਕੈਚ ਦੇ ਕੇ ਵਿਕਟ ਗੁਆ ਦਿੱਤੀ।