ਅਦਾਕਾਰ ਸੰਜੇ ਦੱਤ ਨੇ ਫ਼ਿਲਮ ਲੀਓ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ‘ਚ ਦੱਖਣੀ ਫ਼ਿਲਮਾਂ ਦੇ ਸੁਪਰਸਟਾਰ ਤਲਪਤੀ ਵਿਜੇ ਵੀ ਨਜ਼ਰ ਆਵੇਗਾ। ਫ਼ਿਲਮ ਦੇ ਸਹਿ-ਨਿਰਮਾਤਾ ਜਗਦੀਸ਼ ਪਲਾਨੀਸਾਮੀ ਨੇ ਦੱਸਿਆ ਕਿ ਲੋਕੇਸ਼ ਕਨਾਗਰਾਜ ਵਲੋਂ ਨਿਰਦੇਸ਼ਿਤ ਫ਼ਿਲਮ ਦੀ ਬੀਤੇ ਦਿਨ ਹੋਈ ਸ਼ੂਟਿੰਗ ‘ਚ ਸੰਜੇ ਦੱਤ ਵੀ ਸ਼ਾਮਲ ਹੋਏ। ਪਲਾਨੀਸਾਮੀ ਨੇ ਟਵਿਟਰ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ”ਸਾਡੇ ਪਸੰਦੀਦਾ ਸੰਜੇ ਦੱਤ ਸਰ ਲੀਓ ਦੀ ਕਸ਼ਮੀਰ ਸ਼ੂਟਿੰਗ ‘ਚ ਸ਼ਾਮਿਲ ਹੋਏ। ਆਉਣ ਵਾਲੇ ਦਿਨ ਦਿਲਚਸਪ ਹੋਣਗੇ।”
ਇਸ ਤੋਂ ਪਹਿਲਾਂ ਸੰਜੇ ਦੱਤ ਨੇ ਯਸ਼ ਦੀ ਸਾਲ 2022 ਦੀ ਬਲੌਕਬਸਟਰ ਕੰਨੜ ਫ਼ਿਲਮ KGF: Chapter 2 ਨਾਲ ਦੱਖਣੀ ਸਿਨੇਮਾ ‘ਚ ਕਦਮ ਰੱਖਿਆ ਸੀ। ਇਸ ਫ਼ਿਲਮ ‘ਚ ਤ੍ਰਿਸ਼ਾ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ ਜੋ ਮਾਸਟਰ (2021) ਤੋਂ ਬਾਅਦ ਵਿਜੇ ਅਤੇ ਕਨਾਗਰਾਜ ਨਾਲ ਜੁੜੀ ਹੈ। ਦੱਸਣਾ ਬਣਦਾ ਹੈ ਕਿ ਪਹਿਲਾਂ ਦੱਖਣੀ ਭਾਰਤੀ ਫ਼ਿਲਮਾਂ ਸਿਰਫ਼ ਦੇਸ਼ ਦੇ ਦੱਖਣੀ ਹਿੱਸੇ ਤਕ ਹੀ ਸੀਮਿਤ ਸਨ, ਪਰ ਹੁਣ ਇਨ੍ਹਾਂ ਫ਼ਿਲਮਾਂ ਨੂੰ ਦੇਸ਼ ਅਤੇ ਵਿਦੇਸ਼ ‘ਚ ਕਾਫ਼ੀ ਉਤਸੁਕਤਾ ਨਾਲ ਦੇਖਿਆ ਜਾਂਦਾ ਹੈ। ਇਸ ਫ਼ਿਲਮ ਦਾ ਟੀਜ਼ਰ ਚਾਰ ਫ਼ਰਵਰੀ ਨੂੰ ਰਿਲੀਜ਼ ਹੋਇਆ ਸੀ ਜਿਸ ‘ਚ ਤਲਪਤੀ ਵਿਜੇ ਦੇ ਕਿਰਦਾਰ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਖਾਸੇ ਉਤਸੁਕ ਸਨ।