ਸ਼ਿਵ ਦੀ ਸ਼ਰਨ ’ਚ ਮਹਿਬੂਬਾ, ਪੁੰਛ ਦੇ ਨਵਗ੍ਰਹਿ ਮੰਦਰ ’ਚ ਕੀਤਾ ਸ਼ਿਵਲਿੰਗ ਦਾ ਜਲ ਅਭਿਸ਼ੇਕ

ਪੁੰਛ, – ਪੁੰਛ ਦੌਰੇ ’ਤੇ ਆਈ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਜ਼ਿਲਾ ਹੈੱਡਕੁਆਰਟਰ ਨਾਲ ਲੱਗਦੇ ਅਜੋਤ ’ਚ ਇਤਿਹਾਸਕ ਨਵਗ੍ਰਹਿ ਮੰਦਰ ਦਾ ਦੌਰਾ ਕਰ ਕੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕੀਤਾ। ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਮਨ-ਸ਼ਾਂਤੀ ਦੀ ਕਾਮਨਾ ਵੀ ਕੀਤੀ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਨਵਗ੍ਰਹਿ ਮੰਦਰ ’ਚ ਕਾਫੀ ਸਮਾਂ ਬਿਤਾਇਆ ਅਤੇ ਸਾਬਕਾ ਐੱਮ. ਐੱਲ. ਸੀ. ਅਤੇ ਸੀਨੀਅਰ ਪੀ. ਡੀ. ਪੀ. ਆਗੂ ਯਸ਼ਪਾਲ ਸ਼ਰਮਾ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ’ਤੇ ਪੀ. ਡੀ. ਪੀ. ਆਗੂਆਂ ਨਾਲ ਮਰਹੂਮ ਯਸ਼ਪਾਲ ਸ਼ਰਮਾ ਦੇ ਪੁੱਤਰ ਅਤੇ ਨੌਜਵਾਨ ਸਮਾਜ ਸੇਵੀ ਡਾ. ਉਦੇਸ਼ਪਾਲ ਸ਼ਰਮਾ ਵੀ ਮੌਜੂਦ ਰਹੇ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਦਾ ਇਸ ਤਰ੍ਹਾਂ ਦਾ ਬਦਲਾਅ ਅਤੇ ਵਿਵਹਾਰ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਮਹਿਬੂਬਾ ਮੁਫਤੀ ਨੇ ਜਨਤਕ ਤੌਰ ’ਤੇ ਕਿਸੇ ਮੰਦਰ ’ਚ ਜਾ ਕੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕੀਤਾ ਹੈ।