ਨਵੀਂ ਦਿੱਲੀ: ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਟੀਵ ਸਮਿਥ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਦੀ ਅਗਵਾਈ ਕਰਨਗੇ। ਨਿਯਮਤ ਕਪਤਾਨ ਪੈਟ ਕਮਿਨਜ਼ ਘਰ ਹੀ ਰਹਿਣਗੇ ਕਿਉਂਕਿ ਉਸ ਦੀ ਮਾਂ ਮਾਰੀਆ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਪੈਟ ਕਮਿਨਜ਼ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦਿੱਲੀ ‘ਚ ਖੇਡੇ ਗਏ ਦੂਜੇ ਟੈੱਸਟ ਤੋਂ ਬਾਅਦ ਆਪਣੇ ਘਰ ਪਰਤ ਗਏ ਸਨ। ਸਮਿਥ ਨੇ ਫ਼ਿਰ ਤੀਜੇ ਟੈੱਸਟ ‘ਚ ਕਮਾਨ ਸੰਭਾਲੀ ਅਤੇ ਆਸਟਰੇਲੀਆ ਨੂੰ ਨੌਂ ਵਿਕਟਾਂ ਦੀ ਜਿੱਤ ਦਿਵਾਈ। ਆਸਟ੍ਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੌਨਲਡ ਨੇ ਕਿਹਾ, ”ਪੈਟ ਅਤੇ ਉਸ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ। ਉਹ ਇਸ ਸਮੇਂ ਬਹੁਤ ਮੁਸ਼ਕਲ ਪ੍ਰਕਿਰਿਆ ‘ਚੋਂ ਗੁਜ਼ਰ ਰਿਹਾ ਹੈ।”
ਕ੍ਰਿਕਟ ਆਸਟ੍ਰੇਲੀਆ ਨੇ ਪੈਟ ਕਮਿਨਜ਼ ਦੀ ਥਾਂ ਲੈਣ ਵਾਲੇ ਖਿਡਾਰੀ ਦੇ ਨਾਮ ਦਾ ਐਲਾਨ ਹਾਲੇ ਤਕ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ ਨੂੰ ਭਾਰਤ ਖਿਲਾਫ਼ ਤਿੰਨ ਵਨਡੇ ਸੀਰੀਜ਼ ਲਈ 15 ਖਿਡਾਰੀਆਂ ‘ਚੋਂ ਚੋਣ ਕਰਨੀ ਹੋਵੇਗੀ। ਤੇਜ਼ ਗੇਂਦਬਾਜ ਝਾਏ ਰਿਚਰਡਸਨ ਹੈਮਸਟ੍ਰਿੰਗ ਦੀ ਸੱਟ ਕਾਰਨ ਪਹਿਲਾਂ ਹੀ ਬਾਹਰ ਹੋ ਗਿਆ ਸੀ ਜਿਸ ਤੋਂ ਬਾਅਦ ਨੇਥਨ ਐਲਿਸ ਨੂੰ ਉਸ ਦੇ ਬਦਲ ਵਜੋਂ ਸ਼ਾਮਿਲ ਕੀਤਾ ਗਿਆ ਸੀ।
ਇੱਕ ਦਿਲਚਸਪ ਤੱਥ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆਈ ਟੀਮ ਨੇ ਪਿਛਲੇ ਪੰਜ ਵਨਡੇ ਮੈਚਾਂ ‘ਚ ਚਾਰ ਕਪਤਾਨਾਂ ਨੂੰ ਅਜ਼ਮਾਇਆ ਹੈ। ਐਰੋਨ ਫ਼ਿੰਚ ਨੇ ਸਤੰਬਰ ‘ਚ ਨਿਊ ਜ਼ੀਲੈਂਡ ਖ਼ਿਲਾਫ਼ ਕਪਤਾਨੀ ਕੀਤੀ ਸੀ। ਕਮਿਨਜ਼ ਨੂੰ ਓਦੋਂ ਫ਼ਿੰਚ ਦਾ ਉਤਰਾਧਿਕਾਰੀ ਬਣਾਇਆ ਗਿਆ ਹਾਲਾਂਕਿ ਜਦੋਂ ਇੰਗਲੈਂਡ ਖ਼ਿਲਾਫ਼ ਨਵੰਬਰ ‘ਚ ਦੂਸਰੇ ਮੈਚ ‘ਚ ਪੈਟ ਕਮਿਨਜ਼ ਨੂੰ ਆਰਾਮ ਦਿੱਤਾ ਗਿਆ ਤਾਂ ਜੋਸ਼ ਹੇਜ਼ਲਵੁਡ ਨੇ ਜ਼ਿੰਮੇਵਾਰੀ ਸੰਭਾਲੀ।
ਇਸ ਸਾਲ ਅਕਤੂਬਰ-ਨਵੰਬਰ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਸੀਰੀਜ਼ ਭਾਰਤ ਅਤੇ ਆਸਟ੍ਰੇਲੀਆ ਲਈ ਮਹੱਤਵਪੂਰਣ ਹੋਣ ਵਾਲੀ ਹੈ। ਆਸਟ੍ਰੇਲੀਆਈ ਟੀਮ ਹਰਫ਼ਨਮੌਲਾ ਖਿਡਾਰੀਆਂ ਨਾਲ ਭਰੀ ਪਈ ਹੈ। ਇਸ ਤੋਂ ਇਲਾਵਾ ਡੇਵਿਡ ਵਾਰਨਰ ਅਤੇ ਐਸ਼ਟਨ ਐਗਰ ਦੀ ਟੀਮ ‘ਚ ਵਾਪਸੀ ਹੋਈ ਹੈ। ਗਲੈੱਨ ਮੈਕਸਵੈੱਲ ਵੀ ਆਸਟ੍ਰੇਲੀਅਨ ਟੀਮ ਦਾ ਹਿੱਸਾ ਹੈ ਜੋ ਲੱਤ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ।