ਡਾ. ਦੇਵਿੰਦਰ ਮਹਿੰਦਰੂ
ਬੰਦਿਆਂ ਨਾਲ ਹੀ ਬਾਤਾਂ ਬੀਤ ਗਈਆਂ
ਵਿਸ਼ਵ ਕਿਤਾਬ ਮੇਲਾ ਦਿੱਲੀ ਦੇ ਪ੍ਰਗਤੀ ਮੈਦਾਨ ‘ਚ 25 ਫ਼ਰਵਰੀ ਨੂੰ ਸ਼ੁਰੂ ਹੋਇਆ ਅਤੇ 5 ਮਾਰਚ ਖ਼ਤਮ ਹੋ ਗਿਆ। ਚਾਰ ਮਾਰਚ ਨੂੰ ਮੈਂ ਵੀ ਉੱਥੇ ਸੀ। ਹਿਮਾਚਲ ਕਲਾ ਸੰਸਕ੍ਰਿਤੀ ਵਿਭਾਗ ਨੇ ਹਿੰਦੀ ‘ਚ ਕਵਿਤਾ ਪਾਠ ਲਈ ਬੁਲਾਇਆ ਸੀ। ਰੇਡੀਓ ਦੇ ਰਿਟਾਇਰਡ ਡਾਇਰੈਕਟਰ ਜਨਰਲ ਜਨਾਬ ਲੀਲਾਧਰ ਮੰਡਲੋਈ ਮਿਲੇ ਉੱਥੇ। ਸਭ ਤੋਂ ਯਾਦਗਾਰ ਪਲ ਉਹੀ ਸਨ – ਬੱਸ। ਕਿਤਾਬਾਂ ਤਾਂ ਭਾਵੇਂ ਹਜ਼ਾਰਾਂ ਖ਼ਰੀਦ ਲੈਂਦੀ, ਚੁੱਕਣੀਆਂ ਕੀਹਨੇ ਸਨ? ਅਗਲੇ ਸਾਲ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗੀ। ਹੋ ਸਕਦੈ ਮੇਰਾ ਪਬਲਿਸ਼ਰ ਮੇਰੀਆਂ ਦੋਵੇਂ ਕਿਤਾਬਾਂ ਛਾਪ ਦੇਵੇ ਓਦੋਂ ਤਕ। ਰੇਡੀਓ ਟੀਵੀ ਤੋਂ ਰੀਵਿਊ ਵੀ ਆ ਜਾਣ। ਰੇਡੀਓ ਤੋਂ ਕਿਤਾਬਾਂ ਦੇ ਰੀਵਿਊ ਦੀ ਪਰੰਪਰਾ ਬਹੁਤ ਪੁਰਾਣੀ ਹੈ। ਜਦ ਮੈਂ ਰੇਡੀਓ ਸਟੇਸ਼ਨ ਦੀ ਲਾਇਬ੍ਰੇਰੀ ‘ਚ ਸਾਂ ਤੇ ਲੇਖਕ ਆਪਣੀਆਂ ਕਿਤਾਬਾਂ ਦੀਆਂ ਦੋ-ਦੋ ਕਾਪੀਆਂ ਭੇਜਦੇ ਸਨ ਰੀਵਿਊ ਲਈ। ਇੱਕ ਕਾਪੀ ਲਾਇਬ੍ਰੇਰੀ ਲਈ ਅਤੇ ਇੱਕ ਰੀਵਿਊ ਲਿਖਣ ਵਾਲੇ ਲੇਖਕ ਨੂੰ ਘੱਲਦੇ ਵਾਸਤੇ। ਰੇਡੀਓ ਤੋਂ ਕਿਸੇ ਕਿਸੇ ਦੀ ਕਿਤਾਬ ਨੂੰ ਹੀ ਇਹ ਮਾਣ ਪ੍ਰਾਪਤ ਹੁੰਦਾ ਸੀ। ਮਹੀਨੇ ‘ਚ ਇੱਕ ਹੀ ਕਿਤਾਬ ਦਾ ਰੀਵੀਯੂ ਪ੍ਰਸਾਰਿਤ ਹੁੰਦਾ ਸੀ। ਮੀਸ਼ਾ ਜੀ ਇਸ ਤਰ੍ਹਾਂ ਹੀ ਕਰਦੇ ਸਨ। ਜਸਵੰਤ ਦੀਦ ਅਤੇ ਬਾਅਦ ‘ਚ ਮੈਂ ਵੀ ਇਸ ਪਰੰਪਰਾ ਨੂੰ ਨਿਭਾਇਆ। ਹੁਣ ਦਾ ਪਤਾ ਨਹੀਂ। ਜਲੰਧਰ ਜਾ ਰਹੀ ਆਂ ਪਰਸੋਂ, ਜਾ ਕੇ ਆਵਾਂਗੀ ਰੇਡੀਓ ਸਟੇਸ਼ਨ ਇਸ ਵਾਰ। ਆਪਣੀ ਨਵੀਂ ਛਪੀ ਕਿਤਾਬ ਦੇ ਕੇ ਆਵਾਂਗੀ ਲਾਇਬ੍ਰੇਰੀ ਵਿੱਚ। ਅਤੇ ਪਰਮਜੀਤ ਅਤੇ ਇਮਤਿਆਜ਼ ਨੂੰ ਵੀ ਰੀਵਿਊ ਕਰਵਾਉਣ ਲਈ ਵੀ ਕਹਾਂਗੀ।
ਅਸੀਂ ਲਿਖਦੇ ਹਾਂ, ਛਪਦੇ ਹਾਂ, ਚਾਹੁੰਦੇ ਹਾਂ ਕਿ ਸਾਨੂੰ ਪਾਠਕ ਮਿਲਣ। ਕੋਈ ਵੀ ਰਚਨਾ ਪਾਠਕਾਂ ਤਕ ਪਹੁੰਚ ਕੇ ਹੀ ਸੰਪੂਰਨ ਹੁੰਦੀ ਹੈ। ਰੇਡੀਓ ਵੀ ਇੱਕ ਸਾਧਨ ਹੈ ਰਚਨਾ ਨੂੰ ਪਾਠਕਾਂ (ਸ੍ਰੋਤਿਆਂ) ਤਕ ਪਹੁੰਚਾਉਣ ਲਈ। ਹਰ ਰੇਡੀਓ ਸਟੇਸ਼ਨ ਆਪਣੇ ਸਾਹਿਤਕ ਪ੍ਰੋਗਰਾਮਾਂ ਰਾਹੀਂ ਸਾਹਿਤ ਦੀ ਹਰ ਵਿਧਾ ਨੂੰ ਸ੍ਰੋਤਿਆਂ ਤਕ ਪਹੁੰਚਾਉਂਦਾ ਹੈ। ਲੇਖਕ ਤੋਂ ਇਹ ਤਵੱਕੋ ਰੱਖੀ ਜਾਂਦੀ ਹੈ ਕਿ ਉਹ ਜਿਹੜੀ ਰਚਨਾ ਸੁਣਾ ਰਿਹਾ ਹੈ ਉਹ ਪਹਿਲਾਂ ਕਿਤੇ ਛਪੀ ਨਾ ਹੋਵੇ, ਕਿਸੇ ਨੇ ਉਹਨੂੰ ਪਹਿਲਾਂ ਪੜ੍ਹਿਆ ਨਾ ਹੋਵੇ, ਸ੍ਰੋਤੇ ਉਹਨੂੰ ਪਹਿਲੀ ਵਾਰ ਰੇਡੀਓ ਤੋਂ ਹੀ ਸੁਣਨ। ਸਾਡੇ ਵਕਤਾਂ ‘ਚ ਉਹ ਰਚਨਾ ਦੋ ਮਹੀਨੇ ਤੋਂ ਬਾਅਦ ਹੀ ਕਿਤੇ ਛਪਵਾਈ ਜਾ ਸਕਦੀ ਸੀ, ਉਹ ਵੀ ਇਹ ਲਿਖਣ ਤੋਂ ਬਾਅਦ ਕਿ ਰੇਡੀਓ ਤੋਂ ਧੰਨਵਾਦ ਸਹਿਤ। ਮਤਲਬ ਹੁੰਦਾ ਸੀ ਕਿ ਆਕਾਸ਼ਵਾਣੀ ਨੇ ਉਹ ਰਚਨਾ ਲੇਖਕ ਨੂੰ ਫ਼ੀਸ ਦੇ ਕੇ ਖ਼ਰੀਦ ਲਈ ਹੈ ਅਤੇ ਹੁਣ ਉਸ ‘ਤੇ ਰੇਡੀਓ ਦਾ ਹੱਕ ਹੈ।
ਇੱਕ ਵਾਰ ਇੱਕ ਜਾਣੀ-ਮਾਣੀ ਹਿੰਦੀ ਲੇਖਿਕਾ, ਮੁਹਾਲੀ ਤੋਂ ਸੀ, ਨੇ ਜਲੰਧਰ ਰੇਡੀਓ ਦੇ ਹਿੰਦੀ ਦੇ ਸਾਹਿਤਕ ਪ੍ਰੋਗਰਾਮ ਪਰਿਮਲ ਲਈ ਆਪਣੀ ਕਹਾਣੀ ਰਿਕਾਰਡ ਕਰਵਾਈ। ਮੈਂ ਉਸ ਦਿਨ ਰਾਤ ਦੀ ਡਿਊਟੀ ‘ਤੇ ਸਾਂ। ਅੱਠ ਵਜੇ ਪ੍ਰਸਾਰਣ ਸ਼ੁਰੂ ਹੋਇਆ। ਡਾਕਟਰ ਇੰਦੂ ਦੀ ਕਹਾਣੀ ਸ਼ੁਰੂ ਹੋਈ। ਦੋ ਲਾਈਨਾਂ ਤੋਂ ਬਾਅਦ ਹੀ ਸਮਝ ਆ ਗਈ ਕਿ ਉਸ ਦਿਨ ਸਵੇਰੇ ਪੰਜਾਬ ਕੇਸਰੀ ‘ਚ ਜਿਹੜੀ ਕਹਾਣੀ ਪੜ੍ਹੀ ਸੀ, ਉਹ ਇਹੀ ਤਾਂ ਸੀ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇੰਨੀ ਵੱਡੀ, ਸਮਝਦਾਰ ਲੇਖਿਕਾ ਅਜਿਹਾ ਕਿਵੇਂ ਕਰ ਸਕਦੀ ਹੈ? ਮੈਂ ਰਿਪੋਰਟ ਲਿਖੀ ਕਿ ਲੇਖਿਕਾ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਰੇਡੀਓ ਦੀ ਤਾਂ ਬੇਇੱਜ਼ਤੀ ਹੋ ਗਈ। ਸਾਨੂੰ ਲੇਖਿਕਾ ਨੂੰ ਘੱਟੋ ਘੱਟ ਛੇ ਮਹੀਨੇ ਬੁੱਕ ਨਹੀਂ ਕਰਨਾ ਚਾਹੀਦਾ ਅਤੇ ਪੱਤਰ ਲਿਖਕੇ ਉਨ੍ਹਾਂ ਨੂੰ ਇਸ ਗ਼ਲਤੀ ਬਾਰੇ ਦੱਸ ਦੇਣਾ ਚਾਹੀਦਾ ਹੈ।
ਸੰਬੰਧਿਤ ਪ੍ਰੋਗਰਾਮ ਅਫ਼ਸਰ ਨੂੰ ਮੇਰਾ ਇਹ ਕਹਿਣਾ ਅੱਛਾ ਨਹੀਂ ਲੱਗਿਆ। ਉਹ ਮੇਰੇ ਨਾਲ ਲੜਨ ਆ ਗਏ। ਕੀ ਕਹਾਂ ਉਨ੍ਹਾਂ ਲਈ। ਇਹ ਰੇਡੀਓ ਦਾ ਸਿਸਟਮ ਹੈ। ਜੇ ਡਿਊਟੀ ਅਫ਼ਸਰ ‘ਤੇ ਇਸ ਤਰ੍ਹਾਂ ਦੇ ਦਬਾਅ ਬਣਾਏ ਜਾਣਗੇ, ਫੇਰ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਿਸ ਤਰ੍ਹਾਂ ਕਰਨਗੇ? ਹੋਣਾ ਤਾਂ ਇਹ ਚਾਹੀਦਾ ਹੈ ਕਿ ਕੋਈ ਤੁਹਾਡੀ ਗ਼ਲਤੀ ਵੱਲ ਇਸ਼ਾਰਾ ਕਰੇ ਤਾਂ ਤੁਸੀਂ ਉਸ ਦੇ ਸ਼ੁਕਰਗੁਜ਼ਾਰ ਹੋਵੋਂ ਅਤੇ ਆਪਣੇ ਕੰਮ ਨੂੰ ਬੇਹਤਰ ਕਰੋਂ, ਪਰ ਬਹੁਤੀ ਵਾਰ ਇਸ ਤਰ੍ਹਾਂ ਨਹੀਂ ਹੁੰਦਾ। ਮੀਸ਼ਾ ਜੀ ਵਰਗੇ ਪ੍ਰੋਡਿਊਸਰ ਕਦੇ ਬੁਰਾ ਨਹੀਂ ਸੀ ਮਨਾਉਂਦੇ ਜੇ ਮੈਂ ਕਦੇ ਉਨ੍ਹਾਂ ਦੇ ਕਿਸੇ ਪ੍ਰੋਗਰਾਮ ‘ਚ ਕੋਈ ਕਮੀ ਕੱਢ ਦਿੰਦੀ ਸੀ ਤਾਂ।
ਵੱਡੇ ਬੰਦੇ ਵੱਡੇ ਹੀ ਹੁੰਦੇ ਹਨ। ਇਹ ਸਾਰੀਆਂ ਬਾਤਾਂ ਬੰਦਿਆਂ ਦੇ ਨਾਲ ਹੀ ਬੀਤ ਗਈਆਂ ਨੇ!