ਡਾ. ਕੇਵਲ ਅਰੋੜਾ
ਫ਼ੋਨ 94176 95299
ਸ਼ਿਕੰਜਾ ਪੀਰ ਅਤੇ ਚੜ੍ਹਦੀ ਖੀਰ
ਨਿਸ਼ਾਨ ਭਾਊ ਅੱਜ ਮੇਰੇ ਹਸਪਤਾਲ ਆਇਆ ਪਰ ਪਹਿਲਾਂ ਵਾਂਗੂੰ ਖੁਸ਼ ਨਹੀਂ ਸੀ, ਕੁੱਝ ਉਦਾਸਿਆ ਹੋਇਆ ਸੀ, ਮੈਂ ਪੁੱਛਿਆ, ”ਨਿਸ਼ਾਨ ਕੀ ਗੱਲ, ਉਦਾਸਿਆ ਕਿਉਂ ਲੱਗਦਾ ਐਂ, ਕੀ ਗੱਲ, ਜਿਨ੍ਹਾਂ ਦਾ ਆਪਾਂ ਇਲਾਜ ਕੀਤਾ ਸੀ, ਅਜੇ ਮੱਝਾਂ ਸੂਈਆਂ ਨਹੀਂ? ”
ਨਿਸ਼ਾਨ ਬੋਲਿਆ, ”ਜੀ ਸੂ ਤਾਂ ਪਈਆਂ ਪਰ ਫ਼ਾਇਦਾ ਕੋਈ ਨਹੀਂ ਹੋਇਆ, ਆਪਾਂ ਕੋਈ ਗਰਮ ਦਵਾਈ ਦੇ ਬੈਠੇ … ਦਸ ਦਿਨ ਹੋ ਗਏ ਦੁੱਧ ਫ਼ਟਣੋਂ ਨਹੀਂ ਹੱਟਦਾ।
ਮੈਂ ਤਾਂ ਜਲ ਵੀ ਦੋ ਤਿੰਨ ਥਾਂਵਾਂ ਤੋਂ ਕਰਾ ਲਿਆਇਆਂ ਅਤੇ ਪੀਰਾਂ ਦੇ ਦਰ ਤੋਂ ਤਵੀਤ ਵੀ ਲਿਆ ਕੇ ਪਾਇਆ ਐ। ਠੰਢੇ ਪਾਣੀ ‘ਚ ਸ਼ੱਕਰ ਪਿਆਈ ਆ ਪਰ ਕੰਮ ਕਿਤੋਂ ਵੀ ਰਾਸ ਨਹੀਂ ਆਇਆ … ਹਰ ਰੋਜ਼ ਵੀਹ ਸੇਰ ਦੁੱਧ ਛੱਪੜ ‘ਚ ਪਾ ਕੇ ਆਉਨਾਂ। ਥੱਕ-ਹਾਰ ਕੇ ਫ਼ੇਰ ਤੁਹਾਡੇ ਕੋਲ ਆਇਆਂ। ਕਰੋ ਕੋਈ ਜਾਦੂ ਟੂਣਾ॥ ਬਹੁਤ ਪਰੇਸ਼ਾਨ ਆਂ।”
ਮੈਂ ਕਿਹਾ, ”ਨਿਸ਼ਾਨ ਪਰੇਸ਼ਾਨ ਨਾ ਹੋ।”ਨਾਲ ਹੀ ਮੈਨੂੰ ਵੀ ਇੱਕ ਸ਼ਰਾਰਤ ਸੁੱਝੀ। ਸੋਚਿਆ ਇਸ ਦਾ ਮਾਨਸਿਕ ਤਨਾਅ ਵੀ ਲਾਹ ਦੇਵਾਂ। ਮੇਰੇ ਨਾਲ ਮੇਰਾ ਸੇਵਾਦਾਰ ਮੇਜਰ ਸਿੰਘ ਵੀ ਬਹੁਤ ਮਜ਼ਾਕੀਆ ਸੀ।
”ਨਿਸ਼ਾਨ ਦਵਾਈ ਵੀ ਤੈਨੂੰ ਦੇ ਦਿੰਨਾਂ, ਪਰ ਨਾਲ ਯਾਰ ਸ਼ਿਕੰਜੇ ਪੀਰ ਦੀ ਖੀਰ ਵੀ ਸੁੱਖ ਲੈ। ਸ਼ਰਤੀਆ ਕੰਮ ਹੋ ਜੂ ਤੇਰਾ, ਪਰ ਦਵਾਈ ਨਿਹਚਾ ਨਾਲ ਲੈ ਕੇ ਜਾਵੀਂ ਅਤੇ ਨਿਹਚਾ ਨਾਲ ਹੀ ਮੱਝਾਂ ਨੂੰ ਖਵਾਈਂ। ਜੇਕਰ ਮਸਲਾ ਤਿੰਨ ਦਿਨਾਂ ‘ਚ ਹੱਲ ਹੋ ਗਿਆ ਤਾਂ ਸ਼ਿਕੰਜੇ ਪੀਰ ਦੀ ਖੀਰ ਚੜ੍ਹਾ ਆਵੀਂ, ਪਰ ਇੱਕ ਗੱਲ ਆ ਬਈ ਦੁੱਧ ਹੁਣ ਕੱਟੜੂਆਂ ਨੂੰ ਹੀ ਪਿਆਉਣੈ, ਛੱਪੜ ‘ਚ ਪ੍ਰਵਾਹ ਕੇ ਨਹੀਂ ਆਉਣਾ।”
ਨਿਸ਼ਾਨ ਨੇ ਗੱਲ ਮੰਨ ਲਈ ਅਤੇ ਜਾ ਕੇ ਦਵਾਈ ਦੀ ਵਰਤੋਂ ਦੱਸੇ ਅਨੁਸਾਰ ਹੀ ਕੀਤੀ। ਚੌਥੇ ਦਿਨ ਨਿਸ਼ਾਨ ਸੜਕ ‘ਤੇ ਆਉਂਦਾ ਸਾਨੂੰ ਦੂਰੋਂ ਨਜ਼ਰੀਂ ਪਿਆ। ਪੂਰੀ ਤਿਆਰੀ ‘ਚ। ਚਿੱਟੇ ਸਫ਼ੈਦ ਕੱਪੜੇ … ਚੱਕਵੇਂ ਪੈਰੀਂ … ਝੱਟ ਸਾਡੇ ਕੋਲ ਆ ਪਹੁੰਚਾ … ਅੱਜ ਉਸ ਦੇ ਚਿਹਰੇ ‘ਤੇ ਰੌਣਕ ਸੀ। ਝੱਟ ਬੋਲਿਆ, ”ਡਾਕਟਰ ਸਾਹਿਬ ਹੋ ਗਈ ਸ਼ਿਕੰਜੇ ਪੀਰ ਦੀ ਮੇਹਰ … ਦੱਸੋ ਕਿੱਥੇ ਆ ਸ਼ਿਕੰਜਾ ਪੀਰ? ਟਾਈਮ ਨਾਲ ਖੀਰ ਚੜ੍ਹਾ ਆਵਾਂ ਮੈਂ।”ਮੇਰਾ ਸੇਵਾਦਾਰ ਝੱਟ ਸਮਝ ਗਿਆ ਕਿ ਸਾਡਾ ਟੂਣਾ ਫ਼ੁਰ ਗਿਆ ਹੈ। ਉਹ ਬੋਲਿਆ, ”ਡਾ.ਸਾਹਿਬ ਹੁਣ ਤੁਹਾਡਾ ਕੰਮ ਖ਼ਤਮ ਮੇਰਾ ਕੰਮ ਸ਼ੁਰੂ।”
ਸਾਡੇ ਕੋਲ 10-15 ਬੰਦੇ ਦਵਾਈ ਲੈਣ ਵਾਲੇ ਜੁੜੇ ਹੀ ਰਹਿੰਦੇ ਸਨ। ਉਹ ਵੀ ਇਹ ਸਭ ਕੁੱਝ ਵੇਖ ਰਹੇ ਸਨ। ਉਸ ਨੇ ਨਲਕਾ ਗੇੜ ਕੇ ਨਿਸ਼ਾਨ ਦੇ ਮੂੰਹ ਹੱਥ ਧੁਆਏ ਅਤੇ ਫ਼ੇਰ ਨਾਲ ਲਾ ਕੇ ਸ਼ਿੰਕੰਜੇ ਦੀ ਖ਼ੂਬ ਸਾਫ਼ ਸਫ਼ਾਈ ਕਰਵਾਈ। ਨਿਸ਼ਾਨ ਬੋਲਿਆ, ”ਛੇਤੀ ਕਰੋ ਮੈਨੂੰ ਪਤਾ ਦੱਸੋ ਮੈਂ ਖੀਰ ਚੜ੍ਹਾ ਕੇ ਵਾਪਿਸ ਵੀ ਆਉਣੈ।”
ਮੇਜਰ ਸਿੰਘ ਕਹਿਣ ਲੱਗਾ ਕਿ ਆਪਾਂ ਜਾਣਾ ਕਿਤੇ ਨਹੀਂ, ਸਾਡਾ ਸ਼ਿਕੰਜਾ ਹੀ ਸਾਡਾ ਪੀਰ ਹੈ ਅਤੇ ਇੱਥੇ ਹੀ ਚੜਾਉਣੀ ਆ ਖੀਰ। ਇਹ ਸੁਣ ਕੇ ਸਭ ਲੋਕ ਹੱਸਣ ਲੱਗੇ। ਉਨ੍ਹਾਂ ਨੇ ਥੋੜ੍ਹੀ ਖੀਰ ਸ਼ਿਕੰਜੇ ‘ਤੇ ਰੱਖ ਕੇ ਸਾਡੇ ਨੇੜੇ ਧਾਲੀਵਾਲਾਂ ਦੇ ਘਰੋਂ ਕੌਲੀਆਂ ਚੱਮਚੇ ਲਿਆ ਕੇ ਸਭ ਨੂੰ ਖੁਆ ਦਿੱਤੀ, ਏਤ ਮੈਂ ਸਭ ਨੂੰ ਦੱਸ ਦਿੱਤਾ ਕਿ ਇਸ ਨੂੰ ਪਸ਼ੂਆਂ ਵਾਸਤੇ ਸੋਡਾਬਾਈਕਾਰਬ (ਮਿੱਠਾ ਸੋਢਾ) ਦਿੱਤਾ ਸੀ ਜਿਸ ਨਾਲ ਸਭ ਠੀਕ ਹੋ ਗਿਆ, ਸੋ ਸ਼ਿਕੰਜੇ ਪੀਰ ਦੀ ਚਰਚਾ ਇਲਾਕੇ ‘ਚ ਛਿੜ ਗਈ। ਕਈ ਵਾਰ ਸ਼ੁਗ਼ਲ ਲੱਗ ਜਾਂਦਾ। ਸਰਪੰਚਾਂ ਦਾ ਲਾਣਾ, ਜਿਨ੍ਹਾਂ ਕੋਲ 30-35 ਮੱਝਾਂ ਸਨ, ਕਲਾਕੰਦ ਬਣਾ ਕੇ ਦੇ ਜਾਂਦੇ ਅਤੇ ਅਸੀਂ ਚਾਹ ਨਾਲ ਲੋਕਾਂ ਦੀ ਸੇਵਾ ‘ਚ ਲਾ ਦਿੰਦੇ ਪਰ ਘਰ ਕਦੇ ਨਹੀਂ ਸੀ ਲੈ ਕੇ ਗਏ। ਓਦੋਂ ਲੋਕ ਅਪਣੇ ਜਾਨਵਰਾਂ ਨੂੰ ਹਸਪਤਾਲ ਹੀ ਬਹੁਤਾ ਆਪ ਲੈ ਕੇ ਆਉਂਦੇ ਸਨ।
ਮੱਝਾਂ, ਗਊਆਂ ਦੀ ਨਸਲ ਸੁਧਾਰ ਦਾ ਕੰਮ ਸ਼ਿਕੰਜੇ ਪੀਰ ਦੇ ਦਰਬਾਰ ‘ਤੇ ਲਗਾਤਾਰ ਚੱਲਦਾ ਰਿਹਾ। ਮੈਂ ਲਿਖਿਆ ਸੀ:
ਨਾਲ ਕਲਾ ਦੇ ਕਰ ਲਿਆ ਅਸੀਂ ਸ਼ਿਕੰਜਾ ਪੀਰ।
ਕੀਤਾ ਨਸਲ ਸੁਧਾਰ ਸੀ, ਚੜ੍ਹਨ ਲੱਗੀ ਸੀ ਖੀਰ।