ਭਾਰਤ ਪੁੱਜਾ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ

ਕ੍ਰਾਈਸਟਚਰਚ: ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਪਹੁੰਚ ਗਈ ਹੈ। ਨਿਊ ਜ਼ੀਲੈਂਡ ਨੇ ਸ੍ਰੀ ਲੰਕਾ ਖ਼ਿਲਾਫ਼ ਕ੍ਰਾਈਸਟਚਰਚ ‘ਚ ਖੇਡਿਆ ਗਿਆ ਪਹਿਲਾ ਟੈੱਸਟ ਜਿੱਤ ਕੇ ਭਾਰਤ ਨੂੰ ਫ਼ਾਈਨਲ ‘ਚ ਪਹੁੰਚਾ ਦਿੱਤਾ ਹੈ। ਭਾਰਤ ਨੂੰ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਲਈ ਦੋ ਟੈੱਸਟਾਂ ‘ਚੋਂ ਕਿਸੇ ਇੱਕ ‘ਚ ਸ੍ਰੀ ਲੰਕਾ ਦੀ ਹਾਰ ਜਾਂ ਡਰਾਅ ਦੀ ਲੋੜ ਸੀ।
ਨਿਊ ਜ਼ੀਲੈਂਡ ਨੇ ਸ੍ਰੀਲੰਕਾਈ ਟੀਮ ਨੂੰ ਹਰਾ ਕੇ ਭਾਰਤ ਨੂੰ ਵੱਡੀ ਖ਼ੁਸ਼ੀ ਦਿੱਤੀ ਹੈ। ਹੁਣ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈੱਸਟ ਮੈਚ ਦੇ ਨਤੀਜੇ ਦਾ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਸਮੀਕਰਣ ‘ਤੇ ਕੋਈ ਅਸਰ ਨਹੀਂ ਪਿਆ ਜੋ ਕਿ ਇੱਕ ਡ੍ਰਾਅ ‘ਚ ਮੁੱਕਾ। ਭਾਰਤ ਲਗਾਤਾਰ ਦੂਜੀ ਵਾਰ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਪਹੁੰਚਿਆ ਹੈ। ਪਿਛਲੀ ਵਾਰ ਉਸ ਨੂੰ 2021 ‘ਚ ਨਿਊ ਜ਼ੀਲੈਂਡ ਤੋਂ ਹਾਰ ਮਿਲੀ ਸੀ।
ਇਸ ਵਾਰ ਨਿਊ ਜ਼ੀਲੈਂਡ ਨੇ ਉਸ ਦੀ ਫ਼ਾਈਨਲ ‘ਚ ਪਹੁੰਚਣ ‘ਚ ਮਦਦ ਕੀਤੀ ਹੈ। ਇਸ ਵਾਰ ਟੀਮ ਇੰਡੀਆ ਫ਼ਾਈਨਲ ‘ਚ ਆਸਟ੍ਰੇਲੀਆ ਨਾਲ ਖੇਡੇਗੀ। ਫ਼ਿਲਹਾਲ ਦੋਵਾਂ ਟੀਮਾਂ ਵਿਚਾਲੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਖੇਡੀ ਗਈ ਜਿਸ ਚ ਭਾਰਤ 2-1 ਨਾਲ ਜੇਤੂ ਸਾਬਿਤ ਹੋਇਆ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦਾ ਫ਼ਾਈਨਲ 7 ਤੋਂ 11 ਜੂਨ ਤਕ ਇੰਗਲੈਂਡ ਦੇ ਓਵਲ ਸਟੇਡੀਅਮ ‘ਚ ਖੇਡਿਆ ਜਾਵੇਗਾ।
ਸੱਟ ਕਾਰਨ ਵਨਡੇਅ ਸੀਰੀਜ਼ ਤੋਂ ਬਾਹਰ ਹੋ ਸਕਦੈ ਅਈਅਰ
ਅਹਿਮਦਾਬਾਦ: ਸ਼੍ਰੇਅਸ ਅਈਅਰ ਦੀ ਕਮਰ ਦੀ ਸੱਟ ਦੇ ਮੁੜ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਟੀਮ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਲੋਂ ਖਿਡਾਰੀਆਂ ਦੀ ਸੱਟ ਪ੍ਰਬੰਧਨ ਇੱਕ ਵਾਰ ਫ਼ਿਰ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ। ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਅਈਅਰ ਨੂੰ ਆਸਟਰੇਲੀਆ ਦੇ ਖ਼ਿਲਾਫ਼ ਚੌਥੇ ਅਤੇ ਆਖਰੀ ਕ੍ਰਿਕਟ ਟੈੱਸਟ ਦੇ ਚੌਥੇ ਦਿਨ ਬੱਲੇਬਾਜ਼ੀ ਮੈਦਾਨ ‘ਤੇ ਨਹੀਂ ਉਤਾਰਿਆ ਗਿਆ। ਅਈਅਰ ਦੇ ਮੁੰਬਈ ‘ਚ 17 ਮਾਰਚ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਕੱਪ ਇਸ ਸਾਲ ਦਾ ਸਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੈ ਅਤੇ ਅਈਅਰ ਨੂੰ IPLL ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਵੀ ਕਰਨੀ ਹੈ। ਅਜਿਹੇ ‘ਚ ਉਸ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਹੈ। ਅਈਅਰ ਕਮਰ ਦੀ ਸਮੱਸਿਆ ਕਾਰਨ ਨਾਗਪੁਰ ‘ਚ ਲੜੀ ਦੇ ਪਹਿਲੇ ਟੈੱਸਟ ‘ਚ ਨਹੀਂ ਸੀ ਖੇਡ ਸਕਿਆ ਜਿਸ ਤੋਂ ਬਾਅਦ ਉਹ ਦਿੱਲੀ ‘ਚ ਦੂਜੇ ਮੈਚ ਲਈ ਟੀਮ ‘ਚ ਵਾਪਿਸ ਆਇਆ ਸੀ ਹਾਲਾਂਕਿ ਹੁਣ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ NCA ਨੇ ਇੱਕ ਵਾਰ ਫ਼ਿਰ ਅਜਿਹੇ ਖਿਡਾਰੀ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜੋ ਪੂਰੀ ਤਰ੍ਹਾਂ ਫ਼ਿੱਟ ਨਹੀਂ ਸੀ।
ਪਤਾ ਲੱਗਾ ਹੈ ਕਿ ਅਈਅਰ ਨੇ ਨੂੰ ਅਸਹਿਜ ਮਹਿਸੂਸ ਕੀਤਾ ਜਿਸ ਤੋਂ ਬਾਅਦ ਰਵਿੰਦਰ ਜਡੇਜਾ ਨੂੰ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਅਈਅਰ ਐਤਵਾਰ ਨੂੰ ਵੀ ਮੈਦਾਨ ‘ਤੇ ਨਹੀਂ ਸੀ ਆਇਆ ਕਿਉਂਕਿ ਉਹ ਬੱਲੇਬਾਜ਼ੀ ਕਰਨ ਦੀ ਸਥਿਤੀ ‘ਚ ਨਹੀਂ ਸੀ। ਇੱਕ ਸਾਬਕਾ ਰਾਸ਼ਟਰੀ ਚੋਣਕਾਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ, ਇਹ ਆਸਟਰੇਲੀਆ ਦੀ ਪਾਰੀ ਦੌਰਾਨ ਲਗਭਗ 170 ਓਵਰਾਂ ਦੀ ਫ਼ੀਲਡਿੰਗ ਕਾਰਨ ਸੱਟ ਲੱਗਣ ਦਾ ਮਾਮਲਾ ਹੋ ਸਕਦਾ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਘੱਟੋ-ਘੱਟ ਇੱਕ ਘਰੇਲੂ ਮੈਚ ਖੇਡਣ ਦਾ ਲਾਜ਼ਮੀ ਨਿਯਮ ਅਈਅਰ ‘ਤੇ ਕਿਉਂ ਲਾਗੂ ਨਹੀਂ ਕੀਤਾ ਗਿਆ। ਅਈਅਰ ਨਾਗਪੁਰ ਟੈੱਸਟ ਤੋਂ ਖੁੰਝ ਗਿਆ, ਪਰ ਦੂਜੇ ਟੈੱਸਟ ਲਈ ਉਸ ਨੂੰ ਫ਼ਿੱਟ ਐਲਾਨ ਦਿੱਤਾ ਗਿਆ।
ਉਹ ਦਿੱਲੀ ਅਤੇ ਇੰਦੌਰ ਦੋਵਾਂ ਟੈੱਸਟਾਂ ‘ਚ ਖੇਡਿਆ, ਪਰ ਅਹਿਮਦਾਬਾਦ ‘ਚ ਉਸ ਦਾ ਸ਼ਰੀਰ ਲੰਬੇ ਸਮੇਂ ਤਕ ਫ਼ੀਲਡਿੰਗ ਨੂੰ ਸੰਭਾਲ ਨਹੀਂ ਸਕਿਆ। ਜਦੋਂ ਅਈਅਰ ਨੂੰ ਜਨਵਰੀ ‘ਚ ਪਹਿਲੀ ਵਾਰ ਕਮਰ ਦੀ ਸਮੱਸਿਆ ਹੋਈ ਸੀ, ਉਹ ਇੱਕ ਮਹੀਨੇ ਲਈ ਬਾਹਰ ਸੀ ਅਤੇ ਰਣਜੀ ਸੀਜ਼ਨ ਖ਼ਤਮ ਹੋਣ ਤੋਂ ਪਹਿਲਾਂ ਉਸ ਨੂੰ ਫ਼ਿੱਟ ਘੋਸ਼ਿਤ ਕਰਨ ਤੋਂ ਪਹਿਲਾਂ NCA ‘ਚ ਸਖ਼ਤ ਪੁਨਰਵਾਸ ਕੀਤਾ ਗਿਆ ਸੀ। ਸਾਬਕਾ ਚੋਣਕਾਰ ਨੇ ਕਿਹਾ, ”ਇਰਾਨੀ ਕੱਪ ਹੋਣਾ ਸੀ ਅਤੇ ਤੁਸੀਂ ਅਈਅਰ ਦੇ ਵਾਪਸੀ ਦਾ ਇੰਤਜ਼ਾਰ ਕਰ ਸਕਦੇ ਸੀ। ਉਸ ਨੂੰ ਇਰਾਨੀ ਕੱਪ ‘ਚ ਇਸੇ ਤਰ੍ਹਾਂ ਦੇ ਮੌਸਮ ‘ਚ ਖੇਡਣ ਦਿੱਤਾ ਜਾ ਸਕਦਾ ਸੀ, ਅਤੇ ਦੇਖਿਆ ਜਾ ਸਕਦਾ ਸੀ ਕਿ ਉਸ ਦਾ ਸ਼ਰੀਰ ਨਮੀ ਵਾਲੇ ਹਾਲਾਤ ‘ਚ ਦੋ ਦਿਨ ਦੀ ਫ਼ੀਲਡਿੰਗ ਨੂੰ ਸੰਭਾਲ ਸਕਦਾ ਹੈ ਜਾਂ ਨਹੀਂ।”