ਸੋਨੂੰ ਸੂਦ ਨੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ਫ਼ਿਲਮ ਫ਼ਤਿਹ ਦੀ ਸ਼ੂਟਿੰਗ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ‘ਚ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਸਾਈਬਰ ਕ੍ਰਾਈਮ ‘ਤੇ ਆਧਾਰਿਤ ਹੈ।
ਵੈਭਵ ਮਿਸ਼ਰਾ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ‘ਚ ਸੋਨੂੰ ਸੂਦ ਅਤੇ ਜੈਕਲੀਨ ਫ਼ਰਨੈਂਡੀਜ਼ ਮੁੱਖ ਭੂਮਿਕਾਵਾਂ ‘ਚ ਹਨ। ਸੂਦ ਅਤੇ ਜੈਕਲੀਨ ਨੇ ਵੱਖ-ਵੱਖ ਵਰਕਸ਼ੌਪਸ ‘ਚ ਹਿੱਸਾ ਲਿਆ। ਉਮੀਦ ਕੀਤੀ ਜਾਂਦੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਐਥੀਕਲ ਹੈਕਰਜ਼ ਦੁਆਰਾ ਸੈੱਟ ‘ਤੇ ਉਨ੍ਹਾਂ ਨੂੰ ਟ੍ਰੇਨ ਕੀਤਾ ਜਾਵੇਗਾ। ਸੋਨੂੰ ਸੂਦ ਕਹਿੰਦੇ ਹਨ, ”ਫ਼ਿਲਮ ਹਕੀਕਤ ਨਾਲ ਜੁੜੀ ਹੋਈ ਹੈ, ਅਤੇ ਇਹ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜੋ ਮੈਂ ਲੌਕਡਾਊਨ ਦੌਰਾਨ ਵੀ ਲੋਕਾਂ ਨਾਲ ਵਾਪਰਦੀਆਂ ਦੇਖੀਆਂ।”
ਜੈਕਲੀਨ ਫ਼ਰਨੈਂਡੀਜ਼ ਨੇ ਕਿਹਾ, ”ਸਕ੍ਰਿਪਟ ਪਹਿਲੀ ਵਾਰ ਪੜ੍ਹਨ ‘ਤੇ ਮੈਂ ਫ਼ੈਸਲਾ ਕੀਤਾ ਕਿ ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਹਾਂ।” ਜ਼ੀ ਸਟੂਡੀਓਜ਼ ਦੇ CBO ਸ਼ਰੀਕ ਪਟੇਲ ਕਹਿੰਦੇ ਹਨ, ”ਸੋਨੂੰ ਦੇਸ਼ ਦੀਆਂ ਸਭ ਤੋਂ ਸਨਮਾਨਿਤ ਸ਼ਖ਼ਸੀਅਤਾਂ ‘ਚੋਂ ਇੱਕ ਹੈ, ਅਤੇ ਫ਼ਤਿਹ ਦੇ ਨਾਲ ਅਸੀਂ ਇੱਕ ਅਜਿਹੀ ਕਹਾਣੀ ਦੱਸਣ ਦਾ ਇਰਾਦਾ ਰੱਖਦੇ ਹਾਂ ਜੋ ਜਨਤਾ ਨਾਲ ਜੁੜਦੀ ਹੈ ਅਤੇ ਸੰਭਵ ਤੌਰ ‘ਤੇ ਅਸਲ ਦੁਨੀਆਂ ‘ਤੇ ਪ੍ਰਭਾਵ ਪਾਉਂਦੀ ਹੈ।”