ਜਬਰ-ਜ਼ਨਾਹ ਮਾਮਲੇ ’ਚ HC ਨੇ ਕਿਹਾ- ਨਾਲ ਰਹਿਣ ਦੀ ਸਹਿਮਤੀ ਦਾ ਮਤਲਬ ਸੈਕਸ ਲਈ ‘ਹਾਂ’ ਨਹੀਂ

ਨਵੀਂ ਦਿੱਲੀ – ਇਕ ਔਰਤ ਦਾ ਕਿਸੇ ਮਰਦ ਨਾਲ ਰਹਿਣ ਦੀ ਸਹਿਮਤੀ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਉਹ ਵੀ ਉਸ ਨਾਲ ਸੈਕਸ ਕਰਨ ਲਈ ਤਿਆਰ ਹੈ। ਦਿੱਲੀ ਹਾਈ ਕੋਰਟ (HC) ਨੇ ਜਬਰ-ਜ਼ਨਾਹ ਦੇ ਮੁਲਜ਼ਮ ਕੇਸ ਵਿਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਜਸਟਿਸ ਅਨੂਪ ਜੈਰਾਮ ਭੰਭਾਨੀ ਦੀ ਸਿੰਗਲ ਬੈਂਚ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਕੋਈ ਔਰਤ ਕਿਸੇ ਮਰਦ ਨਾਲ ਰਹਿਣ ਦੀ ਸਹਿਮਤੀ ਦਿੰਦੀ ਹੈ, ਭਾਵੇਂ ਕਿੰਨੇ ਹੀ ਸਮੇਂ ਲਈ ਕਿਉਂ ਨਾ ਹੋਵੇ, ਇਹ ਅਨੁਮਾਨ ਲਗਾਉਣ ਦਾ ਆਧਾਰ ਕਦੇ ਵੀ ਨਹੀਂ ਹੋ ਸਕਦਾ ਹੈ ਕਿ ਉਹ ਮਰਦ ਨਾਲ ਸੈਕਸ ਸਬੰਧ ਲਈ ਤਿਆਰ ਹੈ। ਵਿਦੇਸ਼ੀ ਨਾਗਰਿਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਦੀ ਜ਼ਮਾਨਤ ਖਾਰਜ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ। ਦੋਸ਼ ਹੈ ਕਿ ਇਸ ਸ਼ਖਸ ਨੇ ਖੁਦ ਨੂੰ ਅਧਿਆਤਮਿਕ ਗੁਰੂ ਦੱਸਦਿਆਂ ਔਰਤ ਨੂੰ ਕਿਹਾ ਸੀ ਕਿ ਉਹ ਉਸ ਦੇ ਮ੍ਰਿਤਕ ਪਤੀ ਲਈ ਰਸਮਾਂ (ਸ਼ਰਾਧ) ਨੂੰ ਨਿਭਾਉਣ ’ਚ ਮਦਦ ਕਰੇਗਾ।
ਅਦਾਲਤ ਨੇ ਕਿਹਾ ਕਿ ਭਾਵੇਂ ਪੀੜਤ ਅਤੇ ਮੁੱਖ ਗਵਾਹ ਭਾਰਤ ’ਚ ਹਨ ਜਾਂ ਵਿਦੇਸ਼ ’ਚ, ਪਟੀਸ਼ਨਕਰਤਾ ਵੱਲੋਂ ਉਨ੍ਹਾਂ ਨੂੰ ਡਰਾਉਣ ਜਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਦੋਸ਼ੀ ਨੇ 2019 ’ਚ ਦਿੱਲੀ ਦੇ ਇਕ ਹੋਸਟਲ ’ਚ ’ਤੇ ਔਰਤ ਨਾਲ ਛੇੜਛਾੜ ਕੀਤੀ ਅਤੇ ਫਿਰ ਜਨਵਰੀ-ਫਰਵਰੀ 2020 ’ਚ ਪ੍ਰਯਾਗਰਾਜ ਅਤੇ ਬਿਹਾਰ ’ਚ ਉਸ ਨਾਲ ਸਰੀਰਕ ਸਬੰਧ ਬਣਾਏ। ਪਿਛਲੇ ਸਾਲ ਮਾਰਚ ’ਚ ਔਰਤ ਨੇ ਐੱਫ. ਆਈ. ਆਰ. ਦਰਜ ਕਰਵਾਈ ਸੀ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ-354 ਅਤੇ 376 ਤਹਿਤ ਕੇਸ ਦਰਜ ਕਰਦੇ ਹੋਏ ਮਈ ‘ਚ ਚਾਰਜਸ਼ੀਟ ਦਾਇਰ ਕੀਤੀ।