ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

ਮੁੰਬਈ – ਮੁੰਬਈ ’ਚ ਇਕ 55 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕੀਤੇ ਗਏ। ਔਰਤ ਦੀ ਲਾਸ਼ ਦੇ ਟੁਕੜੇ ਉਸ ਦੇ ਘਰ ਦੀ ਅਲਮਾਰੀ ਅਤੇ ਪਾਣੀ ਦੀ ਟੈਂਕੀ ’ਚੋਂ ਮਿਲੇ। ਦਰਅਸਲ ਔਰਤ ਦੀ ਧੀ ਨੇ ਹੀ ਆਪਣੀ ਮਾਂ ਦਾ ਕਤਲ ਕਰ ਕੇ ਲਾਸ਼ ਦੇ ਹੱਥ-ਪੈਰ ਇਲੈਕਟ੍ਰਾਨਿਕ ਮਾਰਬਲ ਕਟਰ ਨਾਲ ਵੱਢ ਦਿੱਤੇ ਅਤੇ ਉਨ੍ਹਾਂ ਨੂੰ ਪਲਾਸਟਿਕ ਦੇ ਥੈਲੇ ’ਚ ਲਪੇਟ ਕੇ 3 ਮਹੀਨਿਆਂ ਤੱਕ ਅਲਮਾਰੀ ’ਚ ਲੁਕਾ ਕੇ ਰੱਖਿਆ। ਪੁਲਸ ਨੇ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦਾ ਨਾਂ ਵੀਨਾ ਜੈਨ (55) ਅਤੇ ਉਸ ਦੀ ਧੀ ਦਾ ਨਾਂ ਰਿੰਪਲ ਜੈਨ (23) ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲਾਲਬਾਗ ਇਲਾਕੇ ਦੀ ਹੈ, ਜਿੱਥੇ ਮ੍ਰਿਤਕਾ ਦੇ ਘਰ ਦੀ ਅਲਮਾਰੀ ਦੇ ਅੰਦਰ ਪਲਾਸਟਿਕ ਦੇ ਥੈਲੇ ’ਚ ਲਪੇਟੇ ਗਏ ਲਾਸ਼ ਦੇ ਕੁਝ ਹਿੱਸੇ ਮਿਲੇ, ਜਦਕਿ ਬਾਕੀ ਹਿੱਸੇ ਪਾਣੀ ਦੀ ਟੈਂਕੀ ’ਚ ਸੁੱਟੇ ਹੋਏ ਮਿਲੇ ਹਨ।
ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਔਰਤ ਕੋਈ ਰਿਸ਼ਤੇਦਾਰ ਉਸ ਦੇ ਘਰ ਗਿਆ ਤਾਂ ਉਸ ਨੂੰ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਬਦਬੂ ਆਉਣ ਕਾਰਨ ਰਿਸ਼ਤੇਦਾਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਨੇ ਔਰਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਬਾਹਰ ਨਹੀਂ ਆਇਆ। ਪੁਲਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਉਸ ਦੀ ਧੀ ਕਮਰੇ ਦੇ ਅੰਦਰ ਬੈਠੀ ਹੋਈ ਮਿਲੀ। ਘਰ ਦੇ ਅੰਦਰ ਦਾਖ਼ਲ ਕਰਦੇ ਹੀ ਰਿਸ਼ਤੇਦਾਰਾਂ ਨੇ ਰਿੰਪਲ ਨੂੰ ਉਸ ਦੀ ਮਾਂ ਬਾਰੇ ਪੁੱਛਿਆ। ਉਸ ਨੇ ਦੱਸਿਆ ਉਹ ਸੁੱਤੀ ਹੋਈ ਹੈ। ਘਰ ਵਿਚੋਂ ਆ ਰਹੀ ਬਦਬੂ ਤੋਂ ਸ਼ੱਕ ਵਧ ਗਿਆ। ਇਸ ਤੋਂ ਬਾਅਦ ਪੁਲਸ ਰਿੰਪਲ ਨੂੰ ਲੈ ਕੇ ਪੁਲਸ ਸਟੇਸ਼ਨ ਗਈ।
ਇਕ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰਿੰਪਲ ਨੇ ਆਪਣੀ ਮਾਂ ਦਾ ਕਤਲ ਕਰਨ ਅਤੇ ਸਰੀਰ ਦੇ ਕਈ ਟੁਕੜੇ ਕਰਨ ਦੀ ਗੱਲ ਕਬੂਲ ਕੀਤੀ ਹੈ। ਹਾਲਾਂਕਿ ਇਸ ਕਤਲ ਦੇ ਪਿੱਛੇ ਦੀ ਮੰਸ਼ਾ ਕੀ ਸੀ, ਇਸ ਬਾਰੇ ਖ਼ੁਲਾਸਾ ਨਹੀਂ ਹੋ ਸਕਿਆ। ਅਜਿਹਾ ਲੱਗਦਾ ਹੈ ਕਿ ਮਾਂ ਅਤੇ ਧੀ ਵਿਚਾਲੇ ਵਿਵਾਦ ਸੀ। ਇਸ ਕਾਰਨ ਰਿੰਪਲ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ ਅਤੇ ਅਪਰਾਧ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।