ਖਰੜ ‘ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਖਰੜ : ਬਹਾਨੇ ਨਾਲ ਇਕ ਨਾਬਾਲਿਗ ਕੁੜੀ ਨੂੰ ਆਪਣੇ ਘਰ ’ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਤਹਿਤ ਇਥੋਂ ਦੀ ਸਿਟੀ ਪੁਲਸ ਨੇ ਇਕ ਨੌਜਵਾਨ ਸਣੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਆਪਣਾ ਕੰਮਕਾਰ ਹੈ। ਉਸ ਦੀ 15 ਸਾਲਾ ਧੀ 9ਵੀਂ ਜਮਾਤ ’ਚ ਪੜ੍ਹਦੀ ਹੈ। ਉਹ ਕੁੱਝ ਸਮੇਂ ਤੋਂ ਇੱਥੇ ਹੀ ਇਕ ਵਿਅਕਤੀ ਕੋਲ ਉਸ ਦੀ ਦੁਕਾਨ ’ਤੇ ਰੋਜ਼ਾਨਾ ਆਪਣਾ ਸਾਮਾਨ ਵੇਚਣ ਜਾਂਦੀ ਰਹੀ ਹੈ। ਇਸੇ ਦੁਕਾਨ ’ਤੇ ਅਕਸਰ ਜਿਗਨੇਸ਼ ਨਾਂ ਦਾ ਮੁੰਡਾ ਆਉਂਦਾ-ਜਾਂਦਾ ਸੀ। ਦਰਖ਼ਾਸਤ ਕਰਤਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਜੁਲਾਈ ਮਹੀਨੇ ਬੀਮਾਰ ਹੋ ਗਈ ਸੀ, ਜਿਸ ਕਾਰਨ ਉਸ ਦੀ ਗ਼ੈਰ-ਹਾਜ਼ਰੀ ਵਿਚ ਉਸ ਦੀ 15 ਸਾਲਾ ਧੀ ਦੁਕਾਨ ’ਤੇ ਜਾਂਦੀ ਸੀ।
ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਦੁਕਾਨ ’ਤੇ ਗਈ ਤਾਂ ਉੱਥੇ ਜਿਗਨੇਸ਼ ਬੈਠਾ ਸੀ, ਜਿਸ ਨੇ ਉਸਨੂੰ ਕਿਹਾ ਕਿ ਕੱਲ੍ਹ ਉਸ ਦੇ ਫਲੈਟ ’ਚ ਸਾਮਾਨ ਦੇਣ ਲਈ ਆ ਜਾਵੇ। ਉਹ ਸਾਮਾਨ ਦੇਣ ਚਲੀ ਗਈ ਤਾਂ ਜਿਗਨੇਸ਼ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਤੇ ਅਸ਼ਲੀਲ ਫੋਟੋਆਂ ਖਿੱਚੀ ਲਈਆਂ। ਮੁਲਜ਼ਮ ਨੇ ਫੋਟੋਆਂ ਵਾਇਰਲ ਕਰਨ ਦਾ ਡਰ ਦੇ ਕੇ 4 ਮਹੀਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸੇ ਦੌਰਾਨ ਮੁਲਜ਼ਮ ਨੇ ਇਕ ਦਿਨ ਉਸਨੂੰ ਫੋਨ ਕਰ ਕੇ ਆਪਣੇ ਫਲੈਟ ’ਚ ਸੱਦ ਲਿਆ, ਜਿੱਥੇ ਉਸਨੇ ਪਹਿਲਾਂ ਤੋਂ ਹੀ ਮੌਜੂਦ ਜਤਿੰਦਰ ਨਾਂ ਦੇ ਇਕ ਦੋਸਤ ਨਾਲ ਉਸ ਨੂੰ ਮਿਲਾਇਆ ਅਤੇ ਜਿਗਨੇਸ਼ ਨੇ ਕੁੜੀ ਨੂੰ ਡਰਾ-ਧਮਕਾ ਕੇ ਜਤਿੰਦਰ ਨਾਲ ਜਿਸਮਾਨੀ ਸਬੰਧ ਬਣਾਉਣ ਲਈ ਮਜਬੂਰ ਕੀਤਾ। ਪੁਲਸ ਨੇ ਹਰਿਆਣਾ ਨਾਲ ਸਬੰਧਿਤ ਦੱਸੇ ਜਾ ਰਹੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।