ਅਸੀਂ ਸਾਰੇ ਹੀ ਕਿਸੇ ਘਟਨਾ ਦੇ ਵਾਪਰਣ ਮਗਰੋਂ ਸਿਆਣੇ ਬਣ ਸਕਦੇ ਹਾਂ। ਜਦੋਂ ਇੱਕ ਵਾਰ ਕੁਝ ਵਾਪਰ ਜਾਂਦੈ ਤਾਂ ਅਸੀਂ ਆਸਾਨੀ ਨਾਲ ਇਹ ਸਮਝਾ ਸਕਦੇ ਹਾਂ ਕਿ ਉਸ ਦੇ ਪਿੱਛੇ ਕੀ ਕਾਰਨ ਰਿਹਾ ਹੋਵੇਗਾ ਜਾਂ ਕਿਵੇਂ ਉਸ ਦਾ ਵਾਪਰਣਾ ਅਟੱਲ ਸੀ। ਇਹ ਸਭ ਇਸ ਦੇ ਬਾਵਜੂਦ ਕਿ ਅਸੀਂ ਕਿੰਨੇ ਹੈਰਾਨ ਸਾਂ ਉਸ ਦੇ ਵਾਪਰਣ ‘ਤੇ ਜਾਂ ਹਾਲੇ ਵੀ ਅਸੀਂ ਗੁਪਤ ਤੌਰ ‘ਤੇ ਕਿੰਨਾ ਠੱਗਿਆ ਮਹਿਸੂਸ ਕਰ ਰਹੇ ਹਾਂ। ਇਹ ਸੰਸਾਰ ਅਜਿਹੇ ਮਾਹਿਰਾਂ ਨਾਲ ਭਰਿਆ ਪਿਐ ਜਿਹੜੇ ਸਾਡੇ ਸਾਰਿਆਂ ਨਾਲੋਂ ਸਿਰਫ਼ ਥੋੜ੍ਹਾ-ਬਹੁਤਾ ਹੀ ਵਾਧੂ ਜਾਣਦੇ ਨੇ। ਸੁਭਾਵਕ ਤੌਰ ‘ਤੇ ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਾਂ, ਪਰ ਫ਼ਿਰ ਵੀ, ਅਸੀਂ ਉਨ੍ਹਾਂ ਨਾਲ ਇੰਝ ਪੇਸ਼ ਆਉਂਦੇ ਹਾਂ ਜਿਵੇਂ ਗਿਆਨ ਅਤੇ ਅਨੁਮਾਨ ਦੇ ਮਾਮਲੇ ‘ਚ ਉਨ੍ਹਾਂ ਕੋਲ ਕੋਈ ਇਲਾਹੀ ਸ਼ਕਤੀ ਹੋਵੇ। ਤੁਸੀਂ ਇਸ ਵਕਤ ਇੱਕ ਲੋੜੋਂ ਵੱਧ ਆਤਮਵਿਸ਼ਵਾਸੀ ਵਿਅਕਤੀ ਨੂੰ ਆਪਣੀਆਂ ਉਮੀਦਾਂ ਦਾ ਸਵਰੂਪ ਘੜਨ ਦੀ ਇਜਾਜ਼ਤ ਦੇ ਰਹੇ ਹੋ। ਅਜਿਹਾ ਨਾ ਕਰੋ।
ਇੱਕ ਲਾਲਚ ਤੁਹਾਨੂੰ ਧੱਕ ਰਿਹੈ, ਇੱਕ ਲੋੜ ਤੁਹਾਨੂੰ ਖਿੱਚ ਰਹੀ ਹੈ ਅਤੇ ਇੱਕ ਫ਼ਰਜ਼ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਹਰ ਉਸ ਰੱਸੀ ਨੂੰ ਕੱਟ ਰਿਹੈ ਜਿਹੜੀ ਤੁਹਾਨੂੰ ਤੁਹਾਡੀ ਮੌਜੂਦਾ ਸਥਿਤੀ ‘ਚ ਜਕੜ ਕੇ ਰੱਖ ਰਹੀ ਹੈ। ਪਸੰਦ ਹੋਵੇ ਜਾਂ ਨਾ, ਤੁਹਾਨੂੰ ਅੱਗੇ ਵਧਣਾ ਪੈਣਾ ਹੈ। ਬ੍ਰਹਿਮੰਡ ਨੂੰ ਠੀਕ-ਠੀਕ ਪਤੈ ਕਿ ਉਸ ਨੂੰ ਤੁਹਾਡੇ ਤੋਂ ਕੀ ਚਾਹੀਦੈ, ਅਤੇ ਜਾਪਦਾ ਨਹੀਂ ਕਿ ਉਸ ਨੂੰ ਤੁਹਾਡੀ ਰਾਏ ਦੀ ਕੋਈ ਖ਼ਾਸ ਪਰਵਾਹ ਹੈ। ਵਿਰੋਧ ਬੇਕਾਰ ਹੈ ਪਰ, ਖ਼ੁਸ਼ਕਿਸਮਤੀ ਨਾਲ, ਬਾਵਜੂਦ ਉਸ ਅੰਦੇਸ਼ੇ ਦੇ ਜਿਹੜਾ ਤੁਹਾਡੇ ਮਨ ‘ਚ ਹੈ ਜਾਂ ਉਸ ਚਿੰਤਾ ਦੇ ਜਿਸ ਤੋਂ ਤੁਸੀਂ ਖਹਿੜਾ ਨਹੀਂ ਛੁਡਾ ਪਾ ਰਹੇ, ਵਾਪਰਣ ਵਾਲੀ ਇੱਕ ਅਟੱਲ ਤਬਦੀਲੀ ਛੇਤੀ ਹੀ ਤੁਹਾਡੇ ਲਈ ਬਿਲਕੁਲ ਸਹੀ ਸਾਬਿਤ ਹੋਵੇਗੀ।
ਕੁਝ ਲੋਕ ਬੋਲਦੇ ਰਹਿਣਾ ਪਸੰਦ ਕਰਦੇ ਹਨ। ਦੂਸਰੇ ਸੁਣਨਾ। ਜਲਦੀ ਹੀ ਬਹੁਤ ਸਾਰੀ ਗੱਲਬਾਤ ਹੋਣ ਵਾਲੀ ਹੈ। ਪਰ ਅਫ਼ਸੋਸ ਨਾਲ, ਇਹ ਬਹੁਤ ਜ਼ਿਆਦਾ ਸਮਝ ਪੈਦਾ ਹੋਣ ਦੀ ਕੋਈ ਗੈਰੰਟੀ ਨਹੀਂ। ਜੇ ਤੁਸੀਂ ਅਜਿਹਾ ਚਾਹੁੰਦੇ ਹੋ ਤਾਂ ਤੁਹਾਨੂੰ ਪੱਖਪਾਤ ਨੂੰ ਇੱਕ ਪਾਸੇ ਰੱਖਣਾ ਪੈਣੈ ਅਤੇ ਚਿੰਤਾ ਨੂੰ ਨਜ਼ਰਅੰਦਾਜ਼ ਕਰਨਾ। ਤੁਹਾਨੂੰ ਇੰਨਾ ਕੁ ਵੱਡਾ ਬਣਨ ਦੀ ਲੋੜ ਹੈ ਕਿ ਤੁਸੀਂ ਨਾ ਸਿਰਫ਼ ਕਹਾਣੀ ਦਾ ਦੂਸਰਾ ਪਹਿਲੂ ਦੇਖ ਸਕੋ ਸਗੋਂ ਇਹ ਵੀ ਸਮਝ ਸਕੋ ਕਿ ਕੋਈ ਵਿਅਕਤੀ ਗ਼ੈਰ-ਵਿਹਾਰਕ ਕਿਓਂ ਬਣ ਰਿਹੈ। ਸੌਖੇ ਵਿਚਾਰਾਂ ਅਤੇ ਸੁਰੱਖਿਅਤ ਨਜ਼ਰੀਏ ਪਾਲਣ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰੋ। ਬਹੁਤ ਜ਼ਿਆਦਾ ਸਾਹਸੀ ਅਤੇ ਉਦਾਰ ਬਣਨ ਦੀ ਪ੍ਰਕਿਰਿਆ ਦੌਰਾਨ ਤੁਸੀਂ ਕੁਝ ਬਹੁਤ ਹੀ ਬੁਸ਼ਕੀਮਤੀ ਸਿੱਖੋਗੇ।
ਹਾਲੀਆ ਘਟਨਾਵਾਂ ਤੁਹਾਨੂੰ ਸਤਰਕ ਕਰ ਗਈਆਂ ਹਨ, ਸ਼ਾਇਦ ਥੋੜ੍ਹਾ ਚਿੜਚਿੜਾ ਵੀ। ਇੰਝ ਜਾਪਦੈ ਕਿ ਤੁਹਾਨੂੰ ਕੋਈ ਅਜਿਹਾ ਵਿਅਕਤੀ ਜਾਂ ਅਜਿਹੀ ਸ਼ੈਅ ਨੀਵਾਂ ਦਿਖਾ ਗਈ ਹੈ ਜਿਸ ਤੋਂ ਤੁਹਾਨੂੰ ਬਹੁਤ ਸਾਰੀ ਹਿਮਾਇਤ ਹਾਸਿਲ ਹੋਣ ਦੀ ਉਮੀਦ ਸੀ। ਹੁਣ ਤੁਹਾਨੂੰ ਇਹ ਬਿਲਕੁਲ ਵੀ ਪੱਕਾ ਨਹੀਂ ਕਿ ਤੁਸੀਂ ਕਿਸ ‘ਤੇ ਵਿਸ਼ਵਾਸ ਕਰ ਸਕਦੇ ਹੋ, ਕਿਸ ‘ਤੇ ਨਿਰਭਰ ਕਰ ਸਕਦੇ ਹੋ, ਜਾਂ ਮੌਜੂਦਾ ਵੱਡੀ ਮੁਸ਼ਕਿਲ ਦਾ ਹੱਲ ਕਿੱਥੇ ਲੱਭ ਸਕਦੇ ਹੋ। ਅਜਿਹੇ ਵੇਲੇ ਸ਼ਾਨਦਾਰ ਹੁੰਦੇ ਨੇ ਕਿਉਂਕਿ ਇਹ ਸਾਨੂੰ ਖ਼ੁਦ ਨੂੰ ਉੱਠਾਉਣ, ਆਪਣੇ ਬੂਟਾਂ ਦੇ ਫ਼ੀਤੇ ਕੱਸਣ ਅਤੇ ਸਫ਼ਲਤਾ ਵੱਲ ਮਾਰਚ ਕਰਨ ਲਈ ਮਜਬੂਰ ਕਰਦੇ ਨੇ, ਬਜਾਏ ਇਸ ਦੇ ਕਿ ਸਾਨੂੰ ਕਿੰਨੀਆਂ ਮੁਸੀਬਤਾਂ ਨਾਲ ਸਿੱਝਣਾ ਪੈ ਰਿਹਾ ਹੈ। ਕੀ ਤੁਸੀਂ ਸੋਚਦੇ ਹੋ ਕਿ ਕੋਈ ਅਜਿਹੀ ਮੁਸ਼ਕਿਲ ਹੈ ਜਿਹੜੀ ਤੁਸੀਂ ਹੱਲ ਨਹੀਂ ਕਰ ਸਕਦੇ? ਇੱਕ ਵਾਰ ਦੋਬਾਰਾ ਸੋਚੋ!
ਅੱਜ ਦੇ ਦਿਨ ਤਕ ਡਾਰਵਿਨ ਵਲੋਂ ਮਨੁੱਖੀ ਨਸਲ ਦੀ ਉਤਪਤੀ ਬਾਰੇ ਲਿਖੇ ਗਏ ਵਿਚਾਰ ਵਿਵਾਦਮਈ ਬਣੇ ਹੋਏ ਹਨ। ਵਿਕਾਸਵਾਦ? ਕੁਝ ਲੋਕਾਂ ਲਈ ਤਾਂ ਇਹ ਖ਼ਿਆਲ ਹੀ ਅਪਮਾਨਜਨਕ ਹੈ ਕਿਉਂਕਿ ਇਹ ਉਨ੍ਹਾਂ ਦੇ ਮਨਾਂ ‘ਚ ਡੂੰਘੇ ਵਸੇ ਧਾਰਮਿਕ ਵਿਸ਼ਵਾਸਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਦੂਸਰੇ ਇਸ ‘ਤੇ ਇਸ ਲਈ ਸ਼ੱਕ ਕਰਦੇ ਹਨ ਕਿਉਂਕਿ ਇਹ ਸੁਝਾਉਂਦਾ ਹੈ ਕਿ ਚੀਜ਼ਾਂ ਹਮੇਸ਼ਾ ਸਾਕਾਰਾਤਮਕ ਢੰਗ ਨਾਲ ਅੱਗੇ ਵਧਦੀਆਂ ਰਹਿੰਦੀਆਂ ਹਨ। ਅਤੀਤ ਭੈੜਾ ਸੀ। ਭਵਿੱਖ ਬਿਹਤਰ ਹੋਵੇਗਾ। ਸੱਚਮੁੱਚ? ਕੁਝ ਕਾਰਨਾਂ ਕਰ ਕੇ ਤੁਹਾਡੇ ਭਾਵਨਾਤਮਕ ਜੀਵਨ ਦੇ ਕੁਝ ਪੱਖ ਸ਼ਾਇਦ ਲੋੜੋਂ ਵੱਧ ਵਿਕਸਿਤ ਹੋ ਗਏ ਨੇ। ਤੁਹਾਨੂੰ ਇਸ ਵਕਤ ਕੋਈ ਨਵੀਂ ਜਾਂ ਵੱਖਰੀ ਚੀਜ਼ ਨਹੀਂ ਦਰਕਾਰ। ਤੁਹਾਨੂੰ ਕੇਵਲ ਇੱਕ ਪੁਰਾਣੇ ਖ਼ਜ਼ਾਨੇ ਦੀ ਮੁੜ ਖੋਜ ਕਰਨ ਦੀ ਲੋੜ ਹੈ।