ਪੁਡੂਚੇਰੀ- ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ‘ਚ ਸਰਕਾਰ ਨੇ H3N2 ਇਨਫਲੂਏਂਜ਼ਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਬੁੱਧਵਾਰ ਨੂੰ 16 ਮਾਰਚ ਤੋਂ 26 ਮਾਰਚ ਤੱਕ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਕੀਤਾ ਹੈ। ਵਿਸ਼ੇਸ਼ ਰੂਪ ਨਾਲ ਬੱਚਿਆਂ ਵਿਚ ਇਨਫਲੂਏਂਜ਼ਾ ਦੇ ਵੱਧਦੇ ਪ੍ਰਭਾਵ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੁਡੂਚੇਰੀ, ਕਰਾਈਕਲ, ਮਾਹੇ ਅਤੇ ਯਨਮ ਦੇ ਸਾਰੇ 4 ਖੇਤਰਾਂ ਦੇ ਸਕੂਲਾਂ ਲਈ ਇਹ ਹੁਕਮ ਲਾਗੂ ਹੋਵੇਗਾ।
ਵਿਧਾਨ ਸਭਾ ਵਿਚ ਗ੍ਰਹਿ ਅਤੇ ਸਿੱਖਿਆ ਮੰਤਰੀ ਏ. ਨੰਮਾਸ਼ਿਵਯਮ ਨੇ ਕਿਹਾ ਕਿ ਬੱਚਿਆਂ ‘ਚ ਇਨਫਲੂਏਂਜ਼ਾ ਦੇ ਪ੍ਰਸਾਰ ਨੂੰ ਵੇਖਦੇ ਹੋਏ ਸਰਕਾਰ ਨੇ ਤਰਜੀਹ ਦੇ ਆਧਾਰ ‘ਤੇ 8ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਵਿਭਾਗ ਨੇ 11 ਮਾਰਚ ਨੂੰ ਕਿਹਾ ਸੀ ਕਿ ਪੁਡੂਚੇਰੀ ਵਿਚ 4 ਮਾਰਚ ਤੱਕ ਵਾਇਰਸ H3N2 ਵਰਗੇ ਜਾਂ ਉਸ ਨਾਲ ਸਬੰਧਤ 79 ਮਾਮਲੇ ਸਾਹਮਣੇ ਆਏ ਹਨ।