ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ‘ਰਾਸ਼ਟਰੀ ਪੁਰਸ਼ ਕਮਿਸ਼ਨ’, ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ

ਨੈਸ਼ਨਲ ਡੈਸਕ- ਘਰੇਲੂ ਹਿੰਸਾ ਦੇ ਸ਼ਿਕਾਰ ਵਿਆਹੇ ਪੁਰਸ਼ਾਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਰਾਸ਼ਟਰੀ ਪੁਰਸ਼ ਕਮਿਸ਼ਨ ਬਣਾਉਣ ਦੀ ਬੇਨਤੀ ਨੂੰ ਲੈ ਕੇ ਸੁਪਰੀਮ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਮਹੇਸ਼ ਕੁਮਾਰ ਤਿਵਾੜੀ ਵਲੋਂ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿਚ ਦੇਸ਼ ‘ਚ ਦੁਰਘਟਾਵੰਸ਼ ਮੌਤਾਂ ਦੇ ਸਬੰਧ ‘ਚ 2021 ‘ਚ ਪ੍ਰਕਾਸ਼ਿਤ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਹੈ ਕਿ ਉਸ ਸਾਲ ਦੇਸ਼ ਭਰ ‘ਚ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ ਖ਼ੁਦਕੁਸ਼ੀ ਕਰਨ ਵਾਲੇ ਵਿਆਹੇ ਪੁਰਸ਼ਾਂ ਦੀ ਗਿਣਤੀ 81,063 ਸੀ, ਜਦਕਿ 28,680 ਵਿਆਹੀਆਂ ਔਰਤਾਂ ਸਨ। ਪਟੀਸ਼ਨ ‘ਚ NCRB ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸਾਲ 2021 ‘ਚ ਲਗਭਗ 33.2 ਫ਼ੀਸਦੀ ਪੁਰਸ਼ਾਂ ਨੇ ਪਰਿਵਾਰਕ ਸਮੱਸਿਆਵਾਂ ਕਾਰਨ ਅਤੇ 4.8 ਫ਼ੀਸਦੀ ਨੇ ਵਿਆਹ ਸਬੰਧੀ ਪਰੇਸ਼ਾਨੀਆਂ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਪਟੀਸ਼ਨ ‘ਚ ਵਿਆਹੇ ਪੁਰਸ਼ਾ ਵਲੋਂ ਖ਼ੁਦਕੁਸ਼ੀ ਦੇ ਮੁੱਦੇ ਨਾਲ ਨਜਿੱਠਣ ਅਤੇ ਘਰੇਲੂ ਹਿੰਸਾ ਤੋਂ ਪੀੜਤ ਪੁਰਸ਼ਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਲਈ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ‘ਚ ਕੇਂਦਰ ਨੂੰ ਗ੍ਰਹਿ ਮੰਤਰਾਲਾ ਜ਼ਰੀਏ ਪੁਲਸ ਵਿਭਾਗ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਪੁਰਸ਼ਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ।