ਵਿਰੋਧ ਤੋਂ ਬਾਅਦ ਸੁੱਖੂ ਸਰਕਾਰ ਨੇ ਬਦਲਿਆ ਫੈਸਲਾ, ਹੁਣ ਵਰਦੀ ਲਈ ਵਿਦਿਆਰਥੀਆਂ ਨੂੰ ਮਿਲਣਗੇ 600 ਰੁਪਏ

ਸ਼ਿਮਲਾ- ਸੂਬੇ ਭਰ ‘ਚ ਚੌਤਰਫਾ ਵਿਰੋਧ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਸੂਬਾ ਸਰਕਾਰ ਨੇ ਹੁਣ ਪਹਿਲੀ ਤੋਂ 8ਵੀਂ ਜਮਾਤ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀ ਲਈ 600 ਰੁਪਏ ਆਰਥਿਕ ਮਦਦ ਦੇਣ ਦਾ ਫੈਸਲਾ ਲਿਆ ਹੈ।
ਵਿਰੋਧ ਤੋਂ ਬਾਅਦ ਸੁੱਖੂ ਸਰਕਾਰ ਨੇ ਬਦਲਿਆ ਫੈਸਲਾ
600 ਰੁਪਏ ਦੀ ਇਹ ਰਾਸ਼ੀ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਅਕਾਊਂਟ ‘ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ.) ਰਾਹੀਂ ਪਾਈ ਜਾਵੇਗੀ। ਇਸ ਨਾਲ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਸ ਤੋਂ ਪਹਿਲਾਂ 3 ਮਾਰਚ ਨੂੰ ਹੋਈ ਕੈਬਨਿਟ ਮੀਟਿੰਗ ‘ਚ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਸੀ। ਸਰਕਾਰ ਦੇ ਇਸ ਫੈਸਲੇ ਦੇ ਚੌਤਰਫਾ ਵਿਰੋਧ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਹ ਫੈਸਲਾ ਪਲਟ ਦਿੱਤਾ ਹੈ।
5.25 ਲੱਖ ਦਿਦਿਆਰਥੀਆਂ ਨੂੰ ਮਿਲੇਗਾ ਫਾਇਦਾ
10 ਦਿਨ ਪਹਿਲਾਂ 3 ਮਾਰਚ ਨੂੰ ਹੋਈ ਕੈਬਨਿਟ ਮੀਟਿੰਗ ‘ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਬੀ.ਪੀ.ਐੱਲ ਪਰਿਵਾਰਾਂ ਨਾਲ ਸਬੰਧਤ 3.70 ਲੱਖ ਵਿਦਿਆਰਥੀਆਂ ਨੂੰ ਇਹ ਲਾਭ ਦੇਣ ਦੀ ਗੱਲ ਕਹੀ ਗਈ ਸੀ। ਸਰਕਾਰ ਵੱਲੋਂ ਫੈਸਲਾ ਬਦਲਣ ਤੋਂ ਬਾਅਦ ਹੁਣ 3.70 ਲੱਖ ਵਿਦਿਆਰਥੀਆਂ ਦੀ ਥਾਂ 5.25 ਲੱਖ ਵਿਦਿਆਰਥੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।