ਇਸਲਾਮਾਬਾਦ – ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ। ਸੋਮਵਾਰ ਨੂੰ ਅੱਤਵਾਦੀਆਂ ਨੇ ਪੁਲਸ ਟੀਮ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਗੋਲੀ ਲੱਗਣ ਨਾਲ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ।
ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਕਿਹਾ ਕਿ ਪੁਲਸ ਕਰਮਚਾਰੀ ਸੂਬੇ ਦੇ ਟੈਂਕ ਜ਼ਿਲ੍ਹੇ ‘ਚ ਮਰਦਮਸ਼ੁਮਾਰੀ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸੀ, ਜਦੋਂ ਅੱਤਵਾਦੀ ਨੇ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਇਕ ਅੱਤਵਾਦੀ ਨੂੰ ਮਾਰ ਦਿੱਤਾ।
ਆਈ.ਐੱਸ.ਪੀ.ਆਰ. ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਮਾਰਿਆ ਗਿਆ। ਮਾਰਿਆ ਗਿਆ ਅੱਤਵਾਦੀ ਇਕ ਕਮਾਂਡਰ ਸੀ, ਜੋ ਸੁਰੱਖਿਆ ਬਲਾਂ ਵਿਰੁੱਧ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਨਾਗਰਿਕਾਂ ਨੂੰ ਮਾਰਨ ਲਈ ਪੁਲਸ ਨੂੰ ਲੋੜੀਂਦਾ ਸੀ। ਉਸ ਕੋਲੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ।