ਹੈਦਰਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ 9 ਸਾਲਾਂ ਵਿਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਅੰਦਰੂਨੀ ਸੁਰੱਖਿਆ ਦੇ ਖੇਤਰ ਵਿਚ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੇਂਦਰੀ ਹਥਿਆਰਬੰਦ ਫੋਰਸਾਂ ਤੇ ਸੂਬਾਈ ਪੁਲਸ ਨਾਲ ਮਿਲ ਕੇ ਸਫਲਤਾਪੂਰਵਕ ਕੀਤਾ ਹੈ।
ਸ਼ਾਹ ਨੇ ਐਤਵਾਰ ਇੱਥੇ ਹਕੀਮਪੇਟ ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਪਿੱਛੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਲਈ ਚਿੰਤਾ ਦੇ ਤਿੰਨਾਂ ਖੇਤਰਾਂ ਕਸ਼ਮੀਰ, ਉੱਤਰ-ਪੂਰਬ ਅਤੇ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਵਿੱਚ ਹਿੰਸਾ ’ਚ ਕਾਫੀ ਕਮੀ ਆਈ ਹੈ। ਲੋਕਾਂ ਦਾ ਭਰੋਸਾ ਵਧ ਰਿਹਾ ਹੈ । ਵੱਖਵਾਦ ਅਤੇ ਅੱਤਵਾਦ ਫੈਲਾਉਣ ਵਾਲੇ ਆਤਮ ਸਮਰਪਣ ਕਰ ਕੇ ਮੁੱਖ ਧਾਰਾ ’ਚ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਫੋਰਸਾਂ ਨੇ ਹਿੰਸਾ ਦੇ ਦੋਸ਼ੀਆਂ ਨਾਲ ਨਜਿੱਠਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਜਾਰੀ ਰੱਖੇਗੀ। ਦੇਸ਼ ਦੇ ਕਿਸੇ ਵੀ ਖਿੱਤੇ ਵਿੱਚ ਵੱਖਵਾਦ, ਅੱਤਵਾਦ ਅਤੇ ਦੇਸ਼ ਵਿਰੋਧੀ ਸਰਗਰਮੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਇਸ ਵਿੱਚ ਸੀ. ਏ. ਪੀ. ਐੱਫ.ਅਤੇ ਰਾਜ ਪੁਲਸ ਦੀ ਬਹੁਤ ਅਹਿਮ ਭੂਮਿਕਾ ਹੈ।
ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਨੇ ਪਰੇਡ ਦੀ ਸਲਾਮੀ ਲਈ ਅਤੇ ਸੀ. ਆਈ. ਐੱਸ. ਐੱਫ. ਦਾ ਮੈਗਜ਼ੀਨ ‘ਸੈਂਟੀਨੇਲ-2023’ ਅਤੇ ਕੌਫੀ ਟੇਬਲ ਬੁੱਕ ਨੂੰ ਰਿਲੀਜ਼ ਕੀਤਾ। ਸ਼ਾਹ ਨੇ ਕਿਹਾ ਕਿ ਸੀ. ਆਈ. ਐੱਸ. ਐੱਫ. ਦਾ 53 ਸਾਲਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਇਸ ਨੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੋਈ ਵੀ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੇ ਉਦਯੋਗਿਕ ਅਦਾਰਿਆਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਯਕੀਨੀ ਹੋਵੇ। ਸੀ. ਆਈ. ਐੱਸ. ਐੱਫ. ਦੇ ਹਰੇਕ ਜਵਾਨ ਨੇ ਪਿਛਲੇ 53 ਸਾਲਾਂ ਦੌਰਾਨ ਫੋਰਸ ਦੇ ਉਦੇਸ਼ਾਂ ਦੀ ਪੂਰਤੀ ਲਈ ਆਪਣਾ ਜੀਵਨ ਸਮਰਪਿਤ ਕਰ ਕੇ ਦੇਸ਼ ਦੀ ਵਡਮੁੱਲੀ ਸੇਵਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਸੀ. ਆਈ. ਐੱਸ. ਐੱਫ. 66 ਨਾਜ਼ੁਕ ਅਤੇ ਪ੍ਰਮੁੱਖ ਹਵਾਈ ਅੱਡਿਆਂ, 14 ਪ੍ਰਮੁੱਖ ਬੰਦਰਗਾਹਾਂ, ਪਰਮਾਣੂ ਅਤੇ ਪੁਲਾੜ ਸੰਸਥਾਵਾਂ, ਦਿੱਲੀ ਮੈਟਰੋ, ਸਟੈਚੂ ਆਫ ਯੂਨਿਟੀ ਅਤੇ ਕਈ ਉਦਯੋਗਿਕ ਇਕਾਈਆਂ ਅਤੇ ਖਾਨਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਸੀ. ਆਈ. ਐੱਸ. ਐੱਫ. ਇੱਕ ਅਜਿਹੀ ਫੋਰਸ ਹੈ ਜਿਸ ਕੋਲ ਪ੍ਰਭਾਵਸ਼ਾਲੀ ਅੱਗ ਬੁਝਾਊ ਫੋਰਸ ਵੀ ਹੈ।