ਸਦਨ ‘ਚ ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਨੂੰ ਮਿਲੀ ਧਮਕੀ ਦਾ ਮੁੱਦਾ ਚੁੱਕਿਆ, ਸਪੀਕਰ ਨੂੰ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ ਦਾ ਮੁੱਦਾ ਚੁੱਕਿਆ। ਬਾਜਵਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਸ਼ਰੇਆਮ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਪੰਜਾਬ ਤੋਂ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਵਿਧਾਇਕ ਨੂੰ ਇੰਝ ਧਮਕੀ ਮਿਲ ਸਕਦੀ ਹੈ ਤਾਂ ਫਿਰ ਆਮ ਜਨਤਾ ਦੀ ਕੀ ਹੋਵੇਗਾ। ਬਾਜਵਾ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਸੰਜੀਦਗੀ ਨਾਲ ਵਿਚਾਰਿਆ ਜਾਵੇ ਕਿਉਂਕਿ ਇਹ ਬੇਹੱਦ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਹੋਮਗਾਰਡਾਂ ਨੂੰ ਪੱਕੇ ਕਰਨ ਦਾ ਵੀ ਚੁੱਕਿਆ ਮੁੱਦਾ
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ‘ਚ ਹੋਮਗਾਰਡਾਂ ਨੂੰ ਪੱਕੇ ਕਰਨਾ ਦਾ ਮੁੱਦਾ ਵੀ ਚੁੱਕਿਆ। ਇਸ ਦਾ ਜਵਾਬ ਦਿੰਦੇ ਹੋਏ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਾਲ 2015 ਦੀ ਸੁਪਰੀਮ ਕੋਰਟ ਦੀ ਇਕ ਜੱਜਮੈਂਟ ਦੇ ਮੁਤਾਬਕ ਹੋਮਗਾਰਡਾਂ ਨੂੰ ਪੱਕੇ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਦੱਸਿਆ ਕਿ ਇਕ ਹੋਮਗਾਰਡ ਦੀ ਘੱਟੋ-ਘੱਟ ਬੇਸਿਕ ਤਨਖ਼ਾਹ ਪਹਿਲਾਂ 406 ਰੁਪਏ ਪ੍ਰਤੀ ਦਿਨ ਸੀ, ਜੋ ਕਿ ਹੁਣ 945 ਰੁਪਏ ਪ੍ਰਤੀ ਦਿਨ ਹੋ ਗਈ ਹੈ। ਇਸ ‘ਤੇ ਬਾਜਵਾ ਨੇ ਮੰਗ ਕੀਤੀ ਕਿ ਇਨ੍ਹਾਂ ਹੋਮਗਾਰਡਾਂ ਨੂੰ ਡੀ. ਏ. ਵੀ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਬਾਰੇ ਪਤਾ ਨਹੀਂ ਸੀ ਅਤੇ ਉਹ ਇਸ ਬਾਰੇ ਕਾਨੂੰਨੀ ਤੌਰ ‘ਤੇ ਸਟੱਡੀ ਕਰਵਾ ਲੈਂਦੇ ਹਨ।