ਨਵੀਂ ਦਿੱਲੀ- ਦੇਸ਼ ਵਿਚ ਮੌਸਮੀ ਇੰਫਲੂਏਂਜਾ (ਗੰਭੀਰ ਸਾਹ ਰੋਗ) ਦੀ ਉਪ-ਕਿਸਮ H3N2 ਨਾਲ 2 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਇਕ-ਇਕ ਮਰੀਜ਼ ਕਰਨਾਟਕ ਅਤੇ ਹਰਿਆਣਾ ਤੋਂ ਸਨ। ਕਰਨਾਟਕ ਵਿਚ ਹੀਰੇ ਗੌੜਾ (82) ਨਾਮਕ ਵਿਅਕਤੀ ਦੀ H3N2 ਵਾਇਰਸ ਨਾਲ 1 ਮਾਰਚ ਨੂੰ ਮੌਤ ਹੋਈ। ਉਹ ਸ਼ੂਗਰ ਤੋਂ ਪੀੜਤ ਸੀ ਅਤੇ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਸੀ। ਹਰਿਆਣਾ ਵਿਚ 56 ਸਾਲਾ ਵਿਅਕਤੀ ਦੀ H3N2 ਵਾਇਰਸ ਨਾਲ ਮੌਤ ਹੋਈ ਹੈ। ਜੀਂਦ ਵਾਸੀ ਇਹ ਵਿਅਕਤੀ ਜਨਵਰੀ ਵਿਚ ਇਸ ਵਾਇਰਸ ਤੋਂ ਇਨਫੈਕਟਿਡ ਹੋਇਆ ਸੀ ਅਤੇ ਫੇਫੜੇ ਦੇ ਰੋਗ ਤੋਂ ਵੀ ਪੀੜਤ ਸੀ। 8 ਫਰਵਰੀ ਨੂੰ ਘਰ ਵਿਚ ਹੀ ਉਸ ਦੀ ਮੌਤ ਹੋ ਗਈ।
ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2 ਜਨਵਰੀ ਤੋਂ 5 ਮਾਰਚ ਤੱਕ ਦੇਸ਼ ਵਿਚ H3N2 ਦੇ 451 ਮਾਮਲੇ ਸਾਹਮਣੇ ਆਏ। ਅੰਕੜਿਆ ਮੁਤਾਬਕ ਜਨਵਰੀ ਵਿਚ ਇੰਫਲੂਏਂਜਾ ਦੇ 3,97,814 ਮਾਮਲੇ ਦੇਸ਼ ਵਿਚ ਸਾਹਮਣੇ ਆਏ ਸਨ, ਜੋ ਫਰਵਰੀ ਵਿਚ ਕੁਝ ਵੱਧ ਕੇ 4,36,523 ਹੋ ਗਏ। ਮਾਰਚ ਦੇ ਪਹਿਲੇ 9 ਦਿਨਾਂ ਵਿਚ ਇਹ ਗਿਣਤੀ 1,33,412 ਰਹੀ।
ਕੇਂਦਰ ਨੇ ਸੂਬਿਆਂ ਨੂੰ ਕੀਤਾ ਅਲਰਟ
ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲੇ ਫਿਰ ਡਰਾਉਣ ਲੱਗੇ ਹਨ। 67 ਦਿਨਾਂ ਤੋਂ ਬਾਅਦ ਕੋਰੋਨਾ ਦੇ ਐਕਟਿਵ ਕੇਸ 3000 ਤੋਂ ਵੱਧ ਹੋ ਗਏ ਹਨ। 27 ਫਰਵਰੀ ਤੋਂ 5 ਮਾਰਚ ਦਰਮਿਆਨ ਦੇਸ਼ ਵਿਚ ਕੋਰੋਨਾ ਦੇ 1898 ਨਵੇਂ ਮਾਮਲੇ ਸਾਹਮਣੇ ਆਏ। ਇਹ ਇਸ ਤੋਂ ਪਹਿਲੇ ਹਫਤੇ ‘ਚ ਆਏ ਕੋਰੋਨਾ ਕੇਸਾਂ ਨਾਲੋਂ 63 ਫੀਸਦੀ ਵੱਧ ਹਨ। ਕੇਂਦਰ ਸਰਕਾਰ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਨੂੰ ਚੌਕਸੀ ਵਰਤਣ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਸੂਬਿਆਂ ਨੂੰ ਅਲਰਟ ਰਹਿਣ ਅਤੇ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਬੱਚਿਆਂ ਤੇ ਬਜ਼ੁਰਗਾਂ ਨੂੰ ਵੱਧ ਖਤਰਾ
ਏਮਸ ਦੇ ਸਾਬਕਾ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਪਿਛਲੇ ਦਿਨੀਂ H3N2 ਇੰਫਲੂਏਂਜਾ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਵਾਂਗ ਹੀ ਫੈਲਦਾ ਹੈ। ਇਸ ਤੋਂ ਬਚਣ ਲਈ ਕੋਰੋਨਾ ਵਾਲੀਆਂ ਸਾਵਧਾਨੀਆਂ ਵਰਤੋਂ ਜਿਵੇਂ ਮਾਸਕ ਪਹਿਨੋ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਅਤੇ ਵਾਰ-ਵਾਰ ਹੱਥ ਧੋਂਦੇ ਰਹੋ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨਾਲ ਵੱਧ ਪ੍ਰੇਸ਼ਾਨੀ ਹੋ ਸਕਦੀ ਹੈ।