ਮਨਰੇਗਾ ਤਹਿਤ ਰੋਜ਼ਗਾਰ ਪ੍ਰਦਾਨ ਕਰਨ ਲਈ 655 ਕਰੋੜ ਰੁਪਏ, ਕੀਤੇ ਹੋਰ ਵੀ ਵੱਡੇ ਐਲਾਨ

ਬਿਜ਼ਨੈੱਸ ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ‘ਚ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕੀਤਾ ਗਿਆ। ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਨ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਹੋਵੇਗਾ, ਜੋ ਪਿਛਲੇ ਸਾਲ ਤੋਂ 26 ਫ਼ੀਸਦੀ ਜ਼ਿਆਦਾ ਹੈ। ਸਾਲ 2022-23 ‘ਚ ਪੰਜਾਬ ਦਾ ਕੁੱਲ ਬਜਟ ਇਕ ਲੱਖ 55 ਹਜ਼ਾਰ, 860 ਕਰੋੜ ਰੁਪਏ ਦਾ ਸੀ।
ਬਜਟ ਪੇਸ਼ ਦੌਰਾਨ ਐਲਾਨ ਕੀਤਾ ਗਿਆ ਕਿ ਸਾਡੀ ਸਰਕਾਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 9447 ਏਕੜ ਸ਼ਾਮਲਾਤ ਜ਼ਮੀਨ ਨੂੰ ਨਾਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ। ਇਸ ਮੁਕਤ ਕਰਵਾਈ ਗਈ ਜ਼ਮੀਨ ਦੀ ਵਰਤੋਂ ਹੁਣ ਸਬੰਧਤ ਗ੍ਰਾਮ ਪੰਚਾਇਤਾਂ ਵਲੋਂ ਪਿੰਡਾਂ ‘ਚ ਵਿਕਾਸ ਕਾਰਜਾਂ ਅਤੇ ਮਾਲੀਆ ਕਮਾਉਣ ਲਈ ਕੀਤੀ ਜਾ ਸਕੇਗੀ।
-ਪੰਜਾਬ ਦੇ ਪੇਂਡੂ ਖੇਤਰਾਂ ਦੇ ਸੰਪੂਰਨ ਵਿਆਪਕ ਵਿਕਾਸ ਦੇ ਸਾਡੇ ਵਾਅਦੇ ‘ਤੇ ਅੱਗੇ ਵਧਦੇ ਹੋਏ ਮੈਂ ਵਿੱਤੀ ਸਾਲ 2023-24 ‘ਚ 3,319 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਵਾਤ ਰੱਖਦਾ ਹਾਂ ਜੋ ਵਿੱਤੀ ਸਾਲ 2022-23 (ਬਜਟ ਅਨੁਮਾਨ) ਦੇ ਮੁਕਾਬਲੇ 11 ਫ਼ੀਸਦੀ ਦਾ ਵਾਧਾ ਹੈ।
ਸਮਾਰਟ ਵਿਲੇਜ ਕੈਂਪੇਨ ਅਧੀਨ ਕੁੱਲ 77,986 ਕੰਮਾਂ ‘ਚੋਂ 68,825 ਕੰਮ 4,092 ਕਰੋੜ ਰੁਪਏ ਦੇ ਨਿਵੇਸ਼ ਨਾਲ ਪੂਰੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿੱਤੀ ਸਾਲ 2022-23 ‘ਚ 8.12 ਪਰਿਵਾਰਾਂ ਨੂੰ 285 ਲੱਖ ਦਿਹਾੜੀਆਂ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਵਿੱਤੀ ਸਾਲ 2023-24 ਦੌਰਾਨ ਪੇਂਡੂ ਵਿਕਾਸ ਲਈ ਵੱਖ-ਵੱਖ ਸਕੀਮਾਂ ਲਈ ਨਿਮਨਲਿਖਤ ਵੰਡ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ।
-ਮਨਰੇਗਾ ਤਹਿਤ ਰੋਜ਼ਗਾਰ ਪ੍ਰਦਾਨ ਕਰਨ ਲਈ 655 ਕਰੋੜ ਰੁਪਏ
– ਪ੍ਰਧਾਨ ਮੰਤਰੀ ਆਵਾਸ ਯੋਜਨਾ-ਪੇਂਡੂ: ਪੇਂਡੂ ਖੇਤਰਾਂ ‘ਚ 10,000 ਘਰਾਂ ਦੀ ਉਸਾਰੀ ਲਈ 150 ਕਰੋੜ ਰੁਪਏ
-ਸ਼ਿਆਮਾ ਪ੍ਰਸਾਦ ਮੁਖਰਜੀ ਰਰਬਨ ਮਿਸ਼ਨ: 50 ਕਰੋੜ ਰੁਪਏ
-ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ
– ਰਾਸ਼ਟਰੀ ਗ੍ਰਾਮ ਸਵਰਾਜ ਅਭਿਐਨ: 80 ਕਰੋੜ ਰੁਪਏ