ਡਾ. ਦੇਵਿੰਦਰ ਮਹਿੰਦਰੂ
ਰਾਸ਼ਟਰੀ ਸੋਗ ਤੇ ਰੇਡੀਓ
ਹਾਂ ਜੀ, ਮਨਾ ਲਿਆ ਸਭਨਾਂ ਨੇ ਮਹਿਲਾ ਦਿਵਸ ਅੱਠ ਮਾਰਚ ਨੂੰ? ਇੱਕ ਕਵਿਤਾ ਲਿਖੀ ਇਸ ਮੌਕੇ, ਪੜ੍ਹਨਾ ਚਾਹੋਗੇ? ਲਓ ਪੜ੍ਹੋ:
ਡੱਬੀ
ਡੱਬੀ ਵਿੱਚ ਬੰਦ ਕਰ ਕੇ
ਜੇਬ੍ਹ ਵਿੱਚ ਰੱਖ ਲਿਆ
ਤੂੰ ਮੈਨੂੰ।
ਕਿਉਂ?
ਇਸ ਤੋਂ ਵੀ ਜ਼ਿਆਦਾ
ਜ਼ਰੂਰੀ ਸਵਾਲ
ਮੇਰਾ ਆਪਣੇ ਆਪ ਨੂੰ
ਕਿਉਂ ਤੂੰ ਕਿਸੇ ਦੀਆਂ
ਗੱਲਾਂ ਵਿੱਚ ਆਈ
ਮੂਰਖ ਔਰਤ
ਤੂੰ ਤਾਂ ਇਨਕਾਰੀ ਸੀ
ਬਣਨ ਤੋਂ
ਪੂਰੇ ਸਾਹਸ ਨਾਲ,
ਫ਼ਾਲਤੂ ਔਰਤ
ਡੱਬੀ ਵਿੱਚ ਬੰਦ ਔਰਤ।
ਪੁਰਸ਼ ਨੂੰ ਸਵਾਲ
ਹੈ ਮੇਰਾ
ਕਿਉਂ ਬੰਦ ਕਰ ਕੇ
ਇਸਤ੍ਰੀ ਨੂੰ ਡੱਬੀ ‘ਚ
ਪਾ ਲਿਆ ਜੇਬ੍ਹੇ
ਜਿੱਥੇ ਜੀ ਕੀਤਾ
ਡੱਬੀ ਖੋਲ੍ਹ ਕੇ ਬੈਠੇ
ਆਪਣੀ ਮਰਜ਼ੀ,
ਆਪਣੀ ਸਹੂਲਤ,
ਜੋ ਦਿਲ ਕੀਤਾ ਕਰਨ ਲਈ,
ਪਿਆਰ, ਮੁਹੱਬਤ, ਨਫ਼ਰਤ,
ਝਗੜਾ, ਹੋ ਸਕਦਾ ਸਭ ਕੁੱਝ
ਇੱਕੋ ਸਾਹ।
ਤੇ ਹੇ ਇਸਤ੍ਰੀ
ਤੂੰ ਕਿਉਂ ਕਰਨ
ਦਿੱਤੀ ਪੁਰਸ਼ ਨੂੰ
ਆਪਣੀ ਮਰਜ਼ੀ।
ਕਿਉਂ ਦਿੱਤੀ ਉਹਨੂੰ
ਇੰਨੀ ਖੁੱਲ੍ਹ
ਕਿ ਉਹ ਕਰ ਸਕੇ
ਆਪਹੁਦਰੀਆਂ
ਕਿਉਂ, ਕਿਉਂ?
ਮੂਰਖੇ
ਬਣੀ ਤੂੰ ਸ਼ਿਕਾਰ
ਕਿਉਂ ਆਈ ਉਹਦੀਆਂ
ਮਿੱਠੀਆਂ ਮਿੱਠੀਆਂ
ਗੱਲਾਂ ਵਿੱਚ?
ਸਾਰੇ ਹੀ ਦਿਨ ਸਭ ਦੇ ਦਿਨ ਹੁੰਦੇ ਨੇ। ਰੇਡੀਓ ‘ਤੇ ਕੰਮ ਕਰਨ ਵਾਲਿਆਂ ਦੀਆਂ ਵੀ ਮਜਬੂਰੀਆਂ ਹਨ ਅਤੇ ਉਨ੍ਹਾਂ ਨੂੰ ਮਨਾਉਣੇ ਪੈਂਦੇ ਹਨ ਇਹ ਦਿਨ। ਇਹ ਕਵਿਤਾ ਸਾਰੀਆਂ ਬੀਬੀਆਂ ਨੂੰ ਸਮਰਪਿਤ ਹੈ, ਹਰ ਦਿਨ, ਹਰ ਥਾਂ, ਹਰ ਵੇਲੇ, ਦੇਸ਼ ਪ੍ਰਦੇਸ ਵਿੱਚ, ਜਿੱਥੇ ਵੀ ਉਹ ਹਨ।
ਮੈਂ ਇੱਕ ਥਾਂ ‘ਤੇ ਪੜ੍ਹ ਰਹੀ ਸੀ ਕਿਸੇ ਰਾਜੇਸ਼ ਜੋਸ਼ੀ ਨਾਂ ਦੇ ਬੰਦੇ ਦੀ ਪੋਸਟ। ਉਹਦੇ ‘ਚ ਉਹ ਲਿਖਦੇ ਹਨ ਕਿ ਇੱਕ ਪੁਰਾਣੇ ਸ਼੍ਰੋਤਾ ਗਣੇਸ਼ ਯਾਦਵ, ਜਿਹੜੇ ਕਿ ਬਨਾਰਸ ਤੋਂ ਹਨ, ਨੇ ਤਿੰਨ ਸਾਲ ਪਹਿਲਾਂ ਹਿੰਦੀ ਰੇਡੀਓ BBC ਦੇ ਬੰਦ ਹੋਣ ‘ਤੇ ਉਹਦੇ ਅਖੀਰਲੇ ਪ੍ਰਸਾਰਣ ਨੂੰ ਸੁਣ ਕੇ ਕਿਹਾ ਕਿ ਉਹ ਹੁਣ ਇਸ ਨੂੰ ਯੂਟਿਊਬ ‘ਤੇ ਸੁਣੇਗਾ, ਪਰ ਉਹ ਮਜ਼ਾ ਕਿੱਥੇ ਆਵੇਗਾ? ਜਿਹੜਾ ਲਾਈਵ ਸੁਣਨ ‘ਚ ਆਉਂਦੈ। ਜੀ ਸੱਚਮੁਚ, ਲਾਈਵ ਪ੍ਰਸਾਰਣ ਦਾ ਆਪਣਾ ਹੀ ਇੱਕ ਆਨੰਦ ਹੈ। ਜਦੋਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸਵੇਰੇ ਸਵੇਰੇ ਅਤੇ ਫ਼ੇਰ ਰਹਿਰਾਸ ਵੇਲੇ ਗੁਰਬਾਣੀ ਸਰਵਣ ਕਰਦੇ ਹੋ, ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਤੋਂ, ਉਹ ਆਨੰਦ ਹੋਰ ਕਿੱਥੇ ਮਿਲਣਾ ਹੈ? ਸਾਡੇ ਵੇਲਿਆਂ ਵਿੱਚ ਸਵੇਰੇ ਨੌਂ ਵਜੇ ਸ਼ਾਸਤਰੀ ਸੰਗੀਤ, ਸ਼ਬਦ, ਭਜਨ ਲਾਈਵ ਪ੍ਰਸਾਰਿਤ ਕੀਤੇ ਜਾਂਦੇ ਸਨ ਜਲੰਧਰ ਰੇਡੀਓ ਤੋਂ। ਨਹੀਂ ਹੁਣ ਤਾਂ ਇਹ ਚੰਕ ਕਿਸੇ ਹੋਰ ਪ੍ਰੋਗਰਾਮ ਨੂੰ ਦੇ ਦਿੱਤਾ ਗਿਆ ਹੈ।
30 ਜਨਵਰੀ 1948 ਸ਼ਾਮ ਨੂੰ ਜਦੋਂ ਰਾਸ਼ਟਰ ਪਿਤਾ ਉਤੇ ਤਿੰਨ ਗੋਲੀਆਂ ਚਲਾਈਆਂ ਗਈਆਂ ਸਭ ਤੋਂ ਪਹਿਲਾਂ BBC ਨੇ ਇਹ ਮੰਦਭਾਗੀ ਖ਼ਬਰ ਦੁਨੀਆਂ ਨੂੰ ਦਿੱਤੀ ਸੀ ਉਸੇ ਵੇਲੇ। ਦੂਜੇ ਦਿਨ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਦਸ ਲੱਖ ਲੋਕ ਸ਼ਾਮਿਲ ਸਨ, BBC ਨੇ ਖ਼ੁਲਾਸਾ ਕੀਤਾ ਸੀ। ਵੈਸੇ ਭਾਰਤੀ ਮੀਡੀਆ ਨੇ ਗਿਣਤੀ ਪੰਦਰਾਂ ਲੱਖ ਦੱਸੀ ਸੀ। ਕਿਸੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਵਾਲੀ ਇਹ ਸਭ ਤੋਂ ਵੱਡੀ ਭੀੜ ਸੀ ਦੁਨੀਆਂ ਦੀ। ਸ਼ਾਮ ਦਾ ਧੁੰਦਲਕਾ ਸੀ, ਇੰਨੇ ਲੋਕ ਅਤੇ ਰਘੂਪਤੀ ਰਾਘਵ ਰਾਜਾ ਰਾਮ ਦੇ ਸਵਰ ‘ਚ ਸਨ। ਕਿਸੇ ਨੇ ਕਿਹਾ ਕਿ ਅੱਜ ਪਤਾ ਲੱਗਿਆ ਕਿ ਚੰਗਾ ਹੋਣਾ ਕਿੰਨਾ ਖ਼ਤਰਨਾਕ ਹੁੰਦਾ ਹੈ। ਸਭ ਤੋਂ ਪਹਿਲਾਂ ਮੌਲਾਨਾ ਆਜ਼ਾਦ ਪਹੁੰਚੇ ਸਨ ਦੇਹ ਕੋਲ। ਇਹ ਵੀ ਯਾਦ ਹੈ ਕਿ ਤੇ ਬਿਰਲਾ ਹਾਊਸ ਲਈ ਚੱਲਣ ਤੋਂ ਪਹਿਲਾਂ ਇੰਦਰਾ ਗਾਂਧੀ ਰਾਜੀਵ ਨੂੰ ਲੈ ਕੇ ਬਾਪੂ ਨੂੰ ਮਿਲਣ ਆਈ ਸੀ। ਚਮੇਲੀ ਦੇ ਫ਼ੁੱਲ ਭੇਂਟ ਕੀਤੇ ਸਨ ਇੰਦਰਾ ਨੇ ਰਾਸ਼ਟਰ ਪਿਤਾ ਨੂੰ। ਉਹ ਬੈਠੇ ਹੋਏ ਸਨ। ਰਾਜੀਵ ਬਾਪੂ ਦੇ ਪੈਰਾਂ ਦੀਆਂ ਉਂਗਲੀਆਂ ‘ਚ ਚਮੇਲੀ ਦੇ ਫੁੱਲ ਫ਼ਸਾ ਕੇ ਖੇਡਣ ਲੱਗ ਪਏ। ਚਾਰ ਸਾਲ ਦੇ ਰਾਜੀਵ ਨੂੰ ਵਰਜਦੇ ਗਾਂਧੀ ਜੀ ਨੇ ਕਿਹਾ, ”ਇਸ ਤਰ੍ਹਾਂ ਨਾ ਕਰ, ਚਮੇਲੀ ਦੇ ਫੁੱਲ ਤਾਂ ਮਰੇ ਹੋਇਆਂ ਦੀਆਂ ਉਂਗਲਾਂ ‘ਚ ਫ਼ਸਾਉਂਦੇ ਨੇ।”
ਕਹਿੰਦੇ ਨੇ ਬਾਪੂ ਨੂੰ ਮਾਰਨ ਦੀ ਕੋਸ਼ਿਸ਼ 20 ਜਨਵਰੀ ਨੂੰ ਵੀ ਹੋਈ ਸੀ। ਬਾਪੂ ਨੇ ਉਸ ਤੋਂ ਬਾਅਦ 30 ਜਨਵਰੀ ਤਕ ਘੱਟੋ-ਘੱਟ ਚੌਦਾਂ ਵਾਰ ਕਿਹਾ ਹੋਵੇਗਾ ਕਿ ਉਨ੍ਹਾਂ ਦੀ ਹੱਤਿਆ ਹੋ ਸਕਦੀ ਹੈ। ਰੇਡੀਓ ‘ਤੇ ਲੰਬੇ ਸਮੇਂ ਤਕ ਬਾਪੂ ਦਾ ਸੋਗ ਮਨਾਇਆ ਗਿਆ। ਸਾਰੇ ਪ੍ਰੋਗਰਾਮ ਬੰਦ ਕਰ ਕੇ ਸਿਰਫ਼ ਰਘੂਪਤੀ ਰਾਘਵ ਰਾਜਾ ਰਾਮ ਅਤੇ ਸਾਰੰਗੀ ਵਾਦਨ ਪ੍ਰਸਾਰਿਤ ਕੀਤਾ ਗਿਆ। ਬਿਨਾਂ ਤਬਲੇ ਦੀ ਥਾਪ ਵਾਲੇ ਭਜਨਾਂ ਦੇ ਰਿਕਾਰਡ ਵਜਾਏ ਗਏ। ਕਲਾਕਾਰਾਂ ਨੂੰ ਬਿਠਾ ਕੇ ਲਾਈਵ ਪ੍ਰਸਾਰਨ ਕੀਤੇ ਗਏ। ਤੇ ਇਓਂ ਆਲ ਇੰਡੀਆ ਰੇਡੀਓ ਦੀ ਪਰੰਪਰਾ ਵਿੱਚ ਰਾਸ਼ਟਰੀ ਸ਼ੋਕ ਸ਼ਾਮਿਲ ਹੋ ਗਿਆ ਸੀ।