ਖ਼ੁਦ ਨੂੰ ਕੁਝ ਗੰਭੀਰ ਅਤੇ ਮੁਸ਼ਕਿਲ ਸਵਾਲ ਪੁੱਛਣੇ ਤੁਹਾਡਾ ਨਿਤ ਦਾ ਰੁਝਾਨ ਬਣਦਾ ਜਾ ਰਿਹਾ ਹੈ। ਇੰਝ ਜਾਪਦੈ ਜਿਵੇਂ ਤੁਹਾਨੂੰ ਆਪਣੀਆਂ ਚੋਣਾਂ ਨੂੰ ਜਾਇਜ਼ ਠਹਿਰਾਉਣ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੀ ਵੀ ਕਿ ਤੁਹਾਨੂੰ ਸੱਚਮੁੱਚ ਪਤੈ ਤੁਸੀਂ ਕੀ ਕਰ ਰਹੇ ਹੋ। ਕਈ ਹੋਰ ਕਾਰਨ ਵੀ ਹਨ ਜਿਹੜੇ ਇਸ ਮੁੜ-ਮੁਲਾਂਕਣ ਦੀ ਲੋੜ ਦੇ ਜਨਮ ‘ਚ ਆਪਣਾ ਯੋਗਦਾਨ ਪਾ ਰਹੇ ਹਨ। ਹਰ ਹਾਲਤ ‘ਚ ਆਪਣੇ ਮਨੋਰਥਾਂ ਨੂੰ ਨਵੇਂ ਸਿਰੇ ਤੋਂ ਜਾਂਚੋ … ਪਰ ਇਹ ਮੰਨ ਕੇ ਹਰਗਿਜ਼ ਨਾ ਚੱਲੋ ਕਿ ਅਨਿਸ਼ਚਿਤਤਾ ਦੇ ਮੂਡ ਦਾ ਮਤਲਬ ਹੈ ਇਸ ਗੱਲ ਦਾ ਪੱਕਾ ਸਬੂਤ ਹੋਣਾ ਕਿ ਤੁਸੀਂ ਸੱਚਮੁੱਚ ਇੱਕ ਗ਼ਲਤ ਦਿਸ਼ਾ ‘ਚ ਜਾ ਰਹੇ ਹੋ। ਤੁਹਾਨੂੰ ਸ਼ਾਇਦ ਹਾਲ ਦੀ ਘੜੀ ਇਹ ਸਮਝ ਨਹੀਂ ਲੱਗੇਗਾ ਕਿ ਤੁਹਾਡੀ ਸੁਭਾਵਿਕ ਸਮਝ ਤੁਹਾਨੂੰ ਉਹ ਕਿਉਂ ਕਹਿ ਰਹੀ ਹੈ ਜੋ ਉਹ ਤੁਹਾਨੂੰ ਕਹਿ ਰਹੀ ਹੈ … ਪਰ ਤੁਹਾਡਾ ਸੁਭਾਅ ਤੁਹਾਡੇ ਜਜ਼ਬਾਤ ਨਾਲ ਜੁੜਿਆ ਹੋਇਐ – ਅਤੇ ਜਜ਼ਬਾਤ ਮਹੱਤਵਪੂਰਨ ਹੁੰਦੇ ਨੇ।
ਕੀ ਇਸ ਧਰਤੀ ‘ਤੇ ਕਦੇ ਵੀ ਸ਼ਾਂਤੀ ਹੋਵੇਗੀ? ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸ ਲਫ਼ਜ਼ ਤੋਂ ਸਾਡੀ ਮੁਰਾਦ ਕੀ ਹੈ। ਇਹ ਸੋਚ ਕਿ ਇੱਕ ਦਿਨ ਸਾਰੇ ਮਨੁੱਖ ਇੱਕ ਦੂਸਰੇ ਨੂੰ ਪਸੰਦ ਕਰਨ ਲੱਗਣਗੇ ਅਤੇ ਬਰਦਾਸ਼ਤ, ਮੁਆਫ਼ ਅਤੇ ਸਤਿਕਾਰ ਕਰਨ ਦੇ ਆਪਣੇ ਪੂਰੇ ਮਾਦੇ ਦਾ ਮੁਜ਼ਾਹਰਾ ਕਰਨ ਦੇ ਕਾਬਿਲ ਹੋ ਜਾਣਗੇ, ਥੋੜ੍ਹੇ ਤੋਂ ਕਿਤੇ ਵੱਧ ਆਦਰਸ਼ਵਾਦੀ ਖ਼ਿਆਲ ਜਾਪਦਾ ਹੈ! ਵਧੇਰੇ ਸੰਭਾਵਨਾ ਇਸ ਗੱਲ ਦੀ ਹੈ ਕਿ ਜੇ ਕਦੇ ਵੀ ਕੋਈ ਵੱਡਾ ਸੁਧਾਰ ਹੋਣਾ ਹੋਇਆ, ਉਹ ਇਸ ਸੂਰਤ ‘ਚ ਹੀ ਆਏਗਾ ਕਿ ਅਸੀਂ ਆਪਣੇ ਆਪਸੀ ਵਖਰੇਵਿਆਂ ਨੂੰ ਕਬੂਲ ਕਰ ਕੇ ਉਨ੍ਹਾਂ ਨਾਲ ਨਿਰਬਾਹ ਕਰਨਾ ਸਿੱਖ ਜਾਈਏ। ਤੁਹਾਡੀ ਨਿੱਜੀ ਜ਼ਿੰਦਗੀ ਵਿਚਲੀ ਸ਼ਾਂਤੀ ਬਾਰੇ ਵੀ ਇਹੋ ਕੁਝ ਕਿਹਾ ਜਾ ਸਕਦਾ ਹੈ। ਤੁਸੀਂ ਹਰ ਸ਼ੈਅ ਨੂੰ ਇਸੇ ਵਕਤ ਬਿਲਕੁਲ ਸਹੀ ਜਾਂ ਦੋਸ਼ਰਹਿਤ ਨਹੀਂ ਕਰ ਸਕਦੇ, ਪਰ ਤੁਸੀਂ ਉਸ ਨੂੰ ਬਿਹਤਰ ਜ਼ਰੂਰ ਬਣਾ ਸਕਦੇ ਹੋ।
ਕੁਝ ਲੋਕਾਂ ਨੂੰ ਆਪਣੇ ਘਰਾਂ ਦੀ ਸਾਂਭ-ਸੰਭਾਲ ਦੀ ਚਿੰਤਾ ਬਹੁਤ ਜ਼ਿਆਦਾ ਸਤਾਉਂਦੀ ਰਹਿੰਦੀ ਹੈ, ਅਤੇ ਉਹ ਆਪਣਾ ਬਹੁਤ ਸਾਰਾ ਸਮਾਂ ਉਨ੍ਹਾਂ ਨੂੰ ਸਾਫ਼-ਸੁਥਰਾ ਰੱਖਣ ‘ਚ ਹੀ ਖਪਾਉਂਦੇ ਹਨ। ਆਪਣੇ ਘਰਾਂ ‘ਤੇ ਗਰਵ ਕਰਨ ਵਾਲੇ ਅਜਿਹੇ ਮਾਲਕਾਂ ਦੀ ਖਿਲਾਰੇ ਅਤੇ ਗੰਦ ਖ਼ਿਲਾਫ਼ ਇੱਕ ਕਦੇ ਨਾ ਖ਼ਤਮ ਹੋਣ ਵਾਲੀ ਜੰਗ ਲਗਾਤਾਰ ਜਾਰੀ ਰਹਿੰਦੀ ਹੈ। ਉਨ੍ਹਾਂ ਦੇ ਘਰ ਇੱਕਦਮ ਬੇਦਾਗ਼ ਹੁੰਦੇ ਹਨ, ਪਰ ਕੀ ਉਹ ਕਦੇ ਵੀ ਆਰਾਮ ਨਾਲ ਬਹਿੰਦੇ ਨੇ? ਜਦੋਂ ਕਿਤੇ ਉਹ ਚਾਹ ਦੇ ਇੱਕ ਪਿਆਲੇ ਨਾਲ ਕਿਤੇ ਰੀਲੈਕਸ ਕਰ ਰਹੇ ਹੁੰਦੇ ਨੇ ਤਾਂ ਵੀ ਉਨ੍ਹਾਂ ਦੇ ਦਿਮਾਗ਼ ਦੇ ਪਿੱਛਲੇ ਪਾਸੇ ਇਹੋ ਸੋਚ ਹਾਵੀ ਹੁੰਦੀ ਹੈ ਕਿ ਛੇਤੀ ਹੀ ਉਸ ਕੱਪ ਨੂੰ ਧੋਣ ਅਤੇ ਕਲੌਜ਼ੈੱਟ ‘ਚ ਟਿਕਾਉਣ ਦਾ ਵੇਲਾ ਆਉਣ ਵਾਲਾ ਹੈ। ਅਤੇ ਹਰ ਵਾਰ ਜਦੋਂ ਕੋਈ ਉਨ੍ਹਾਂ ਨੂੰ ਮਿਲਣ ਆਉਂਦੈ ਤਾਂ ਕੀ ਉਹ ਵਿਅਕਤੀ ਹੋਰ ਗੰਦਗੀ ਫ਼ੈਲਾਉਣ ਦਾ ਇੱਕ ਸੰਭਾਵੀ ਸ੍ਰੋਤ ਨਹੀਂ ਹੁੰਦਾ? ਮੈਂ ਇੱਥੇ ਤੁਹਾਨੂੰ ਕੇਵਲ ਇਸ ਗੱਲ ਦੀ ਇੱਕ ਉਦਾਹਰਣ ਦੇਣ ਦੀ ਕੋਸ਼ਿਸ਼ ਕਰ ਰਿਹਾਂ ਕਿ ਓਦੋਂ ਕੀ ਹੁੰਦੈ ਜਦੋਂ ਅਸੀਂ ਇੱਕ ਛੋਟੇ ਪਰ ਕੁਦਰਤੀ ਫ਼ਿਕਰ ਨੂੰ ਇੱਕ ਨਿਰੰਤਰ ਚਿੰਤਾ ਦਾ ਕਾਰਨ ਬਣਨ ਦੀ ਇਜਾਜ਼ਤ ਦੇ ਦਿੰਦੇ ਹਾਂ। ਆਪਣੇ ਦ੍ਰਿਸ਼ਟੀਕੋਣ ਨੂੰ ਜ਼ਰਾ ਖਿੱਚ ਕੇ ਰੱਖੋ!
ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ ਕਿ ਕੁਝ ਲੋਕ ਆਪਣੀਆਂ ਪੈਨੀਆਂ ਦਾ ਬਹੁਤ ਧਿਆਨ ਰੱਖਦੇ ਨੇ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੁੰਦੈ ਕਿ ਜੇਕਰ ਉਹ ਅਜਿਹਾ ਕਰਨ ‘ਚ ਕਾਮਯਾਬ ਹੋ ਗਏ ਤਾਂ ਪਾਊਂਡ ਆਪਣਾ ਖ਼ਿਆਲ ਖ਼ੁਦ-ਬ-ਖ਼ੁਦ ਰੱਖ ਲੈਣਗੇ। ਦੂਸਰੇ ਲੋਕ ਇਸ ਗੱਲ ਬਾਰੇ ਵਧੇਰੇ ਚਿੰਤਤ ਹੁੰਦੇ ਨੇ ਕਿ ਉਹ ਫ਼ਰਜ਼ੀ ਅਰਥਚਾਰੇ ਨਾ ਉਸਾਰਣ। ਕਿੰਨੀ ਬੇਵਕੂਫ਼ੀ ਵਾਲੀ ਗੱਲ ਹੈ ਕਿ ਕਿਸੇ ਤੁੱਛ ਜਿਹੀ ਕਟੌਤੀ ਦਾ ਲਾਹਾ ਲੈਣ ਲਈ ਸ਼ਕਤੀ ਖਾਮਖਾਹ ਜ਼ਾਇਆ ਕਰਨੀ ਜਦੋਂ ਕਿ ਉਸ ਤੋਂ ਕਿਤੇ ਵੱਡਾ ਨਫ਼ਾ ਕਮਾਉਣ ਜਾਂ ਬੱਚਤ ਕਰਨ ਦਾ ਮੌਕਾ ਅਜਾਈਂ ਗੁਆ ਲੈਣਾ। ਦੋਹਾਂ ‘ਚੋਂ ਕੋਈ ਵੀ ਨੀਤੀ ਬਿਲਕੁਲ ਸਹੀ ਨਹੀਂ ਕਹੀ ਜਾ ਸਕੀ। ਦ੍ਰਿਸ਼ਟੀਕੋਣ ਅਤੇ ਅਨੁਪਾਤ ਹਾਸਿਲ ਕਰਨ ਦੀ ਕੋਸ਼ਿਸ਼, ਪਰ, ਛੇਤੀ ਹੀ ਕਿਸੇ ਤਨਾਅਪੂਰਨ ਸਥਿਤੀ ਨੂੰ ਇੱਕ ਬਹੁਤ ਜ਼ਿਆਦਾ ਸੰਤੁਸ਼ਟੀਜਨਕ ਅਵੱਸਥਾ ‘ਚ ਤਬਦੀਲ ਕਰ ਸਕਦੀ ਹੈ।
ਇਹ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਹੜੇ ਦੂਸਰਿਆਂ ਨਾਲ ਹੱਥ ਮਿਲਾਉਣ ਅਤੇ ਉਨ੍ਹਾਂ ਦੀ ਹਾਂ ‘ਚ ਹਾਂ ਮਿਲਾਉਂਦੇ ਹੋਏ ਆਪਣੇ ਸਿਰ ਹਿਲਾਉਣ ‘ਚ ਵਿਅੱਸਤ ਹਨ, ਪਰ ਸਮਝੌਤਿਆਂ ਦੇ ਸਾਰੇ ਸੰਕੇਤਾਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਇੱਜ਼ਤ ਕਰਨ ਅਤੇ ਮਨਜ਼ੂਰੀ ਦੇਣ ਦਾ ਢੋਂਗ ਕਰਦੇ ਨੇ ਜਦੋਂ ਕਿ ਅੰਦਰਖਾਤੇ ਉਹ ਅਸਵੀਕ੍ਰਿਤੀ ਅਤੇ ਨਾਰਾਜ਼ਗੀ ‘ਚ ਉਬਾਲੇ ਖਾ ਰਹੇ ਹੁੰਦੇ ਨੇ। ਇਹ ਹੁਣ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਇੱਕ ਅਹਿਮ ਸਮਝੌਤੇ ‘ਚ ਸੱਚੇ ਵਿਸ਼ਵਾਸ ਦੀ ਉਸ ਤੋਂ ਕਿਤੇ ਵੱਧ ਕਮੀ ਹੈ ਜਿੰਨੀ ਹੋਣੀ ਚਾਹੀਦੀ ਸੀ। ਫ਼ਿਰ ਵੀ, ਹੈਰਾਨੀ ਦੀ ਗੱਲ ਹੈ, ਤੁਹਾਡੇ ਸੰਸਾਰ ‘ਚ ਕਿਤੇ ਹੋਰ, ਤੁਹਾਨੂੰ ਉਸ ਤੋਂ ਕਿਤੇ ਵੱਧ ਹਿਮਾਇਤ ਮਿਲ ਰਹੀ ਹੈ ਜਿੰਨੀ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਹਾਸਿਲ ਕਰਨ ਦੀ ਉਮੀਦ ਕੀਤੀ ਹੋਵੇਗੀ ਜਿਸ ਨੂੰ ਤੁਸੀਂ ਕਦੇ ਆਪਣਾ ਵਿਰੋਧੀ ਸਮਝਦੇ ਸੀ। ਹੁਣ ਅਣਕਿਆਸੇ ਸਥਾਨਾਂ ‘ਤੇ ਵੀ ਤੁਹਾਡੇ ਮਿੱਤਰ ਮੌਜੂਦ ਹਨ।
ਗ