ਵਿਧਾਨ ਸਭਾ ਇਜਲਾਸ : ਮੂਸੇਵਾਲਾ ਕਤਲ ਕਾਂਡ ਦੀ CBI ਜਾਂਚ ‘ਤੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ

ਚੰਡੀਗੜ੍ਹ : ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਹੋਇਆ ਸੀ, ਜਿਸ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਰਨਾ ਖ਼ਤਮ ਕਰ ਲਿਆ ਹੈ। ਮੂਸੇਵਾਲਾ ਦੇ ਮਾਪਿਆਂ ਵੱਲੋਂ CBI ਜਾਂਚ ਦੀ ਮੰਗ ‘ਤੇ ਬੋਲਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ‘ਚ ਸੀ. ਬੀ. ਆਈ. ਜਾਂਚ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੀਆਂ ਆਪਣੀਆਂ ਏਜੰਸੀਆਂ ਬਹੁਤ ਕਾਮਯਾਬ ਹਨ। ਪੰਜਾਬ ਪੁਲਸ ਨੇ ਹੁਣ ਤੱਕ ਇਸ ਮਾਮਲੇ ‘ਚ 29 ਬੰਦੇ ਫੜੇ ਸਨ ਅਤੇ 2 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਇਸ ਲਈ ਸਾਡੀ ਹੀ ਪੁਲਸ ਬਾਕੀ ਰਹਿੰਦੇ ਬੰਦਿਆਂ ਨੂੰ ਫੜ ਕੇ ਲੈ ਕੇ ਆਵੇਗੀ। ਮੰਤਰੀ ਧਾਲੀਵਾਲ ਨੇ ਆਖਿਆ ਕਿ ਇਸ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ , ਜੋ ਬਾਹਰ ਬੈਠੇ ਹਨ, ਉਨ੍ਹਾਂ ਵੀ ਲੈ ਆਵਾਂਗੇ।
ਦੱਸ ਦੇਈਏ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਦਾ ਕਤਲ ਕਰਨ ਵਾਲੇ ਅਸਲ ਸਾਜ਼ਿਸ਼ ਘਾੜੇ ਅਜੇ ਤੱਕ ਵੀ ਸਾਹਮਣੇ ਨਹੀਂ ਲਿਆਂਦੇ ਗਏ ਹਨ। ਇਸ ਲਈ ਉਹ ਲਗਾਤਾਰ ਸਰਕਾਰ ਕੋਲੋਂ ਗੰਭੀਰਤਾ ਨਾਲ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ‘ਚ ਮੂਸੇਵਾਲਾ ਕਤਲ ਮਾਮਲੇ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਮੂਸੇਵਾਲਾ ਕਤਲ ਕਾਂਡ ‘ਚ ਇਨਸਾਫ਼ ਨਹੀਂ ਮਿਲਿਆ ਹੈ। ਜੇਲ੍ਹਾਂ ‘ਚ ਬੈਠੇ ਗੈਂਗਸਟਰ ਕਤਲਾਂ ਦੀਆਂ ਸਾਜ਼ਿਸ਼ਾ ਰਚ ਕੇ ਪੰਜਾਬ ‘ਚ ਆ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਵਾਪਸ ਜਾ ਰਹੇ ਹਨ।