ਮਨੀਸ਼ ਸਿਸੋਦੀਆ ਕੋਲੋਂ ਤਿਹਾੜ ਜੇਲ੍ਹ ਵਿਚ ਈਡੀ ਨੇ ਕੀਤੀ ਪੁੱਛਗਿੱਛ

ਸਿਸੋਦੀਆ ਦਾ ਅਸਤੀਫਾ ਰਾਸ਼ਟਰਪਤੀ ਨੇ ਕੀਤਾ ਮਨਜੂਰ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਿਛਲੇ ਦਿਨੀਂ ਸੀਬੀਆਈ ਨੇ ਸ਼ਰਾਬ ਨੀਤੀ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ ਅਤੇ ਲੰਘੇ ਕੱਲ੍ਹ ਦਿੱਲੀ ਦੀ ਰਾੳੂਜ ਐਵੇਨਿੳੂ ਕੋਰਟ ਨੇ ਸਿਸੋਦੀਆ ਨੂੰ 20 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਇਸਦੇ ਚੱਲਦਿਆਂ ਮਨੀਸ਼ ਸਿਸੋਦੀਆ ਕੋਲੋਂ ਸੀਬੀਆਈ ਤੋਂ ਬਾਅਦ ਈਡੀ ਨੇ ਵੀ ਤਿਹਾੜ ਜੇਲ੍ਹ ਵਿਚ ਪੁੱਛਗਿੱਛ ਕੀਤੀ। ਈਡੀ ਦੇ ਅਧਿਕਾਰੀ ਸਵੇਰੇ ਕਰੀਬ ਸਾਢੇ 11 ਵਜੇ ਤਿਹਾੜ ਜੇਲ੍ਹ ਪਹੁੰਚੇ ਸਨ ਅਤੇ ਫਿਰ ਉਨ੍ਹਾਂ ਨੇ ਸਿਸੋਦੀਆ ਕੋਲੋਂ ਪੁੱਛਗਿੱਛ ਕੀਤੀ ਹੈ। ਉਧਰ ਦੂਜੇ ਪਾਸੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੇ ਨਜ਼ਦੀਕੀ ਸਹਿਯੋੇਗੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਬਹਾਦੁਰ ਵਿਅਕਤੀ ਹਨ ਅਤੇ ਉਹ ਦੇਸ਼ ਲਈ ਜਾਨ ਵੀ ਦੇ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਜੇਲ੍ਹ ਦੀ ਕੋਠੜੀ ਵੀ ਸਿਸੋਦੀਆ ਦਾ ਹੌਸਲਾ ਨਹੀਂ ਤੋੜ ਸਕਦੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਨੀਸ਼ ਸਿਸੋਦੀਆ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਿਸੋਦੀਆ ਦਾ ਅਸਤੀਫ਼ਾ ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਵੀ ਕਰ ਲਿਆ ਹੈ।