ਪੰਜਾਬ ਵਿਧਾਨ ਸਭਾ ‘ਚ CM ਮਾਨ ਨੇ ਵਿਰੋਧੀਆਂ ਦੇ ਕੱਢੇ ਵੱਟ, ਪੰਜਾਬੀਆਂ ਨੂੰ ਲੈ ਕੇ ਆਖ਼ੀਆਂ ਇਹ ਗੱਲਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਜਪਾਲ ਦੇ ਭਾਸ਼ਣ ਦਾ ਜਵਾਬ ਦਿੱਤਾ। ਇਸ ਦੇ ਨਾਲ ਹੀ ਖੇਤੀਬਾੜੀ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ 12 ਫਰਵਰੀ ਨੂੰ ਲੁਧਿਆਣਾ ਵਿਖੇ ਕਿਸਾਨ-ਸਰਕਾਰ ਮਿਲਣੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਹਾਲਾਤ ਇਹ ਹਨ ਕਿ ਚਾਕਰੀ ਲਈ ਲੋਕ ਜ਼ਮੀਨਾਂ ਵੇਚਣ ਨੂੰ ਵੀ ਤਿਆਰ ਹਨ ਅਤੇ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਪੰਜਾਬ ‘ਚ ਬੀਤੇ ਸਾਲਾਂ ਦੌਰਾਨ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ, ਜਿਸ ਵੱਲ ਅਸੀਂ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਨਹਿਰਾਂ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਅਤੇ ਇਕ ਅਪ੍ਰੈਲ ਨੂੰ ਪਹਿਲੀ ਵਾਰ ਨਹਿਰਾਂ ‘ਚ ਪਾਣੀ ਛੱਡ ਦਿੱਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਅਸੀਂ ਨਹਿਰਾਂ ‘ਤੇ ਪੁਲਸ ਦੀ ਰਾਖੀ ਦੇਵਾਂਗੇ ਅਤੇ ਹਰ ਕਿਸਾਨ ਨੂੰ ਬਣਦਾ ਪਾਣੀ ਮਿਲੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਖੇਤੀ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਹੈ ਅਤੇ ਬਾਸਮਤੀ ਇਸ ਵਾਰ ਬਹੁਤ ਵਧੀਆ ਹੋਈ ਹੈ, ਜਿਸ ਦਾ ਰੇਟ ਵੀ ਬਹੁਤ ਵਧੀਆ ਮਿਲਿਆ ਹੈ, ਇਸ ਲਈ ਕਿਸਾਨ ਖ਼ੁਸ਼ ਹਨ।
ਆਉਣ ਵਾਲੇ ਸਮੇਂ ‘ਚ ਹੋਰ ਜ਼ਿਆਦਾ ਬਾਸਮਤੀ ਬੀਜਣ ਨੂੰ ਕਿਸਾਨ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜੇਕਰ ਬਾਸਮਤੀ ਦਾ ਰੇਟ ਘੱਟਣ ਲੱਗਿਆ ਤਾਂ ਅਸੀਂ ਖ਼ੁਦ ਬਾਸਮਤੀ ਖਰੀਦਾਂਗੇ ਪਰ ਬਾਸਮਤੀ ਦਾ ਰੇਟ ਨਹੀਂ ਘਟਣ ਦਿਆਂਗੇ। ਪੰਜਾਬ ‘ਚ ਪ੍ਰੋਸੈਸਿੰਗ ਕੰਪਨੀਆਂ ਆਉਣਾ ਚਾਹੁੰਦੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਹੈਦਰਾਬਾਦ, ਚੇਨੱਈ ਅਤੇ ਮੁੰਬਈ ਗਏ ਸਨ, ਜਿੱਥੇ ਹਿੰਦੁਸਤਾਨ ਲੀਵਰ ਦੇ ਪ੍ਰਬੰਧਕੀ ਬੋਰਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਦੱਸਿਆ ਕਿ ਕੰਪਨੀ ਦਾ ਨਾਭਾ ਵਿਖੇ ਪਲਾਂਟ ਹੈ, ਜਿੱਥੇ ਕਿਸਾਨ ਕੈਚਅਪ ਤਿਆਰ ਕੀਤੀ ਜਾਂਦੀ ਹੈ ਪਰ ਇਸ ਦੇ ਲਈ ਟਮਾਟਰ ਨਾਸਿਕ ਤੋਂ ਮੰਗਵਾਉਣੇ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੰਪਨੀ ਨੂੰ ਭਰੋਸਾ ਦੁਆਇਆ ਕਿ ਸਾਨੂੰ ਟਮਾਟਰ ਦਾ ਬੀਜ ਅਤੇ ਕਿਸਮ ਦੱਸੋ, ਅਸੀਂ ਤੁਹਾਨੂੰ ਪੰਜਾਬ ‘ਚ ਹੀ ਟਮਾਟਰ ਮੁਹੱਈਆ ਕਰਵਾਵਾਂਗੇ। ਉਨ੍ਹਾਂ ਨੇ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਬੀਜਣ ਦੀ ਅਪੀਲ ਕੀਤੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਬਲਿਕ ਮਾਈਨਾਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਦੀ ਗਿਣਤੀ 150 ਤੱਕ ਲੈ ਕੇ ਜਾਵਾਂਗੇ। ਇਨ੍ਹਾਂ ਮਾਈਨਾਂ ‘ਚ ਜੇ. ਸੀ. ਬੀ. ਅਤੇ ਟਿੱਪਰ ਨਹੀਂ ਜਾ ਸਕੇ ਅਤੇ ਲੋਕਾਂ ਨੇ ਖੱਡਾਂ ‘ਚ ਮੇਲਾ ਲਾ ਦਿੱਤਾ। ਇਸ ਦੇ ਨਾਲ ਹੀ ਲੇਬਰ ਨੂੰ ਕੰਮ ਮਿਲ ਗਿਆ। ਉਨ੍ਹਾਂ ਨੇ ਕਿਹਾ ਕਿ ਦਰਿਆ ਕੁਦਰਤ ਨੇ ਦਿੱਤੇ ਹਨ ਅਤੇ ਇਹ ਕਿਸੇ ਦੇ ਪਰਿਵਾਰ ਦੇ ਨਹੀਂ ਹਨ। ਹੁਣ ਰੇਤੇ ‘ਚ ਪਾਰਦਰਸ਼ੀ ਢੰਗ ਨਾਲ ਕੰਮ ਹੋਵੇਗਾ ਅਤੇ ਰੇਤ ਮਾਫ਼ੀਆਂ ਨੂੰ ਸਾਡੀ ਸਰਕਾਰ ਨੇ ਤੋੜ ਦਿੱਤਾ ਹੈ। ਜਿੰਨੇ ਵੀ ਪੈਸੇ ਸਰਕਾਰੀ ਖਜ਼ਾਨੇ ‘ਚ ਆਉਣਗੇ, ਉਨ੍ਹਾਂ ‘ਚ ਮਾਈਨਿੰਗ ਦਾ ਬਹੁਤ ਜ਼ਿਆਦਾ ਪੈਸਾ ਹੋਵੇਗਾ ਅਤੇ ਇਸ ਪੈਸੇ ਨੂੰ ਲੋਕ ਭਲਾਈ ਦੇ ਕੰਮਾਂ ਲਈ ਹੀ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਹੁਣ ਤੱਕ 5 ਟੋਲ ਪਲਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਹੈ।
ਬਾਦਲਾਂ ‘ਤੇ ਵੀ ਲਾਏ ਨਿਸ਼ਾਨੇ
ਮੁੱਖ ਮੰਤਰੀ ਮਾਨ ਨੇ ਸਦਨ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧੀਆਂ ਦੇ ਵੀ ਵੱਟ ਕੱਢ ਦਿੱਤੇ। ਬਾਦਲ ਪਰਿਵਾਰ ‘ਤੇ ਵੀ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਪਹਿਲਾਂ ਬੀਬਾ ਬਾਦਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਸਹੀ ਠਹਿਰਾਇਆ ਅਤੇ ਫਿਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲੋਕਾਂ ਨੂੰ ਇਹ ਜਤਾ ਦਿੱਤਾ ਕਿ ਉਨ੍ਹਾਂ ਦੀ ਪੰਜਾਬ ਦੀ ਜਨਤਾ ਨਾਲ ਬੇਹੱਦ ਹਮਦਰਦੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਇੱਕੋ ਗੱਲ ਕਹੀ ਕਿ ਕੇਂਦਰ ਪੰਜਾਬ ਨਾਲ ਮਤਰੇਆ ਵਰਤਾਓ ਕਰ ਰਿਹਾ ਹੈ, ਜਦੋਂ ਕਿ ਪੰਜਾਬ ਦਾ ਕੋਈ ਕੰਮ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਆਪਣਿਆਂ ਨੇ ਹੀ ਲੁੱਟਿਆ ਹੈ। ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਹੈ ਤਾਂ ਆਗੂ ਲੋਕਾਂ ਦੇ ਘਰ-ਘਰ ਤੱਕ ਪੁੱਜਦੇ ਹਨ ਅਤੇ ਪਰ ਜਿੱਤਦੇ ਸਾਰ ਹੀ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵਾਰ-ਵਾਰ ਧੱਕੇ ਖਾਣੇ ਪੈਂਦੇ ਹਨ।