ਚੋਣ ਬਾਂਡ ਨੂੰ ਲੈ ਕੇ ਚਿਦਾਂਬਰਮ ਦਾ ਵਿਅੰਗ : ਗੁੰਮਨਾਮ ਲੋਕਤੰਤਰ ਜ਼ਿੰਦਾਬਾਦ

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਚੋਣ ਬਾਂਡ ਦੇ ਮਾਧਿਅਮ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਿਲੇ ਚੰਦੇ ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਹ ਚੰਦਾ ਅਤੇ ਇਸ ਦੀ ਏਵਜ਼ ‘ਚ ਲਾਭ ਗੁਪਤ ਤਰੀਕੇ ਨਾਲ ਦਿੱਤਾ ਅਤੇ ਲਿਆ ਜਾਂਦਾ ਹੈ। ਸਾਬਕਾ ਵਿੱਤ ਮੰਤਰੀ ਨੇ ਵਿਅੰਗ ਕਰਦਿਆਂ ਇਹ ਵੀ ਕਿਹਾ ਕਿ ‘ਸਾਡਾ ਗੁੰਮਨਾਮ ਲੋਕਤੰਤਰ ਜ਼ਿੰਦਾਬਾਦ’।
ਉਨ੍ਹਾਂ ਨੇ ਟਵੀਟ ਕੀਤਾ,”ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਚੋਣ ਬਾਂਡ ਵਿਕੇ ਹਨ। ਇਨ੍ਹਾਂ ਦਾ ਜ਼ਿਆਦਾਤਰ ਹਿੱਸਾ ਕਾਰੋਬਾਰੀ ਸਮੂਹਾਂ ਨੇ ਖਰੀਦਿਆ ਅਤੇ ਭਾਜਪਾ ਨੂੰ ਗੁਪਤ ਤਰੀਕੇ ਨਾਲ ਚੰਦਾ ਦੇ ਦਿੱਤਾ।” ਕਾਂਗਰਸ ਨੇਤਾ ਨੇ ਕਿਹਾ,”ਕਾਰੋਬਾਰੀ ਸਮੂਹ ਗੈਰ-ਪਾਰਦਰਸ਼ੀ ਚੋਣ ਬਾਂਡ ਵਿਵਸਥਾ ਰਾਹੀਂ ਚੰਦਾ ਦੇਣ ਲਈ ਉਤਸੁਕ ਕਿਉਂ ਹਨ? ਕਾਰਪੋਰੇਟ ਸਮੂਹ ਚੋਣ ਬਾਂਡ ਰਾਹੀਂ ਚੰਦਾ ਇਸ ਲਈ ਨਹੀਂ ਦਿੰਦੇ ਕਿ ਉਹ ਲੋਕਤੰਤਰ ਨਾਲ ਪਿਆਰ ਕਰਦੇ ਹਨ। ਕਾਰਪੋਰੇਟ ਚੰਦਾ ਉਨ੍ਹਾਂ ਲਾਭ ਦਾ ਆਭਾਰ ਜਤਾਉਣ ਦਾ ਇਕ ਮਾਧਿਅਮ ਹੁੰਦਾ ਹੈ, ਜੋ ਉਨ੍ਹਾਂ ਨੂੰ ਅਤੀਤ ਦੇ ਸਾਲਾਂ ‘ਚ ਮਿਲੇ ਹਨ।” ਚਿੰਦਾਂਬਰਮ ਨੇ ਤੰਜ਼ ਕੱਸਦੇ ਹੋਏ ਕਿਹਾ,”ਇਹ ਸਪੱਸ਼ਟ ਸਮਝੌਤਾ ਹੈ। ਲਾਭ ਗੁਪਤ ਢੰਗ ਨਾਲ ਪਹੁੰਚਾਏ ਜਾਂਦੇ ਹਨ। ਇਨਾਮ ਵੀ ਗੁਪਤ ਤਰੀਕੇ ਨਾਲ ਮਿਲਦਾ ਹੈ। ਸਾਡਾ ਗੁੰਮਨਾਮ ਲੋਕਤੰਤਰ ਜ਼ਿੰਦਾਬਾਦ।”