ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਮੁੱਖ ਮੰਤਰੀ ਸੁੱਖੂ ਦਾ ਔਰਤਾਂ ਲਈ ਵੱਡਾ ਐਲਾਨ

ਸ਼ਿਮਲਾ – ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਪ੍ਰਦੇਸ਼ ਮਹਿਲਾ ਵਿਕਾਸ ਪ੍ਰੋਤਸਾਹਨ ਪੁਰਸਕਾਰ ਦੇ ਅਧੀਨ ਦਿੱਤੀ ਜਾਣ ਵਾਲੀ ਧਨ ਰਾਸ਼ੀ ‘ਚ ਕਰੀਬ 5 ਗੁਣਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੌਮਾਂਤਰੀ ਮਹਿਲਾ ਦਿਵਸ ਲਈ ਇਕ ਰਾਜ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸੁੱਖੂ ਨੇ ਸੋਮਵਾਰ ਨੂੰ ਕਿਹਾ ਕਿ ਮਹਿਲਾ ਵਿਕਾਸ ਪ੍ਰੋਤਸਾਹਨ ਪੁਰਸਕਾਰ ਦੇ ਅਧੀਨ ਦਿੱਤੀ ਜਾਣ ਵਾਲੀ ਧਨ ਰਾਸ਼ੀ 21 ਹਜ਼ਾਰ ਰੁਪਏ ਤੋਂ ਵਧਾ ਕਿ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪੁਰਸਕਾਰਾਂ ਲਈ ਧਨ ਰਾਸ਼ੀ 5 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮਹਿਲਾ ਵਿਕਾਸ ਪ੍ਰੋਤਸਾਹਨ ਪੁਰਸਕਾਰ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿੱਤਾ ਜਾਂਦਾ ਹੈ। ਸੁੱਖੂ ਨੇ ਸੋਮਵਾਰ ਨੂੰ ਆਜ਼ਾਦ ਪੱਤਰਕਾਰ ਦੇਵ ਕੰਨਿਆ ਠਾਕੁਰ, ਸਮਾਜਿਕ ਵਰਕਰ ਸੰਗੀਤਾ ਖੁਰਾਨਾ ਅਤੇ ਡਾ. ਅਨਵੇਸ਼ਾ ਨੇਗੀ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਮੌਕੇ ਸੁੱਖੂ ਨੇ ਕਿਹਾ ਕਿ ਔਰਤਾਂ ਸਮਾਜ ਦਾ ਥੰਮ੍ਹ ਹਨ ਅਤੇ ਜਦੋਂ ਔਰਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪੂਰੀ ਦੁਨੀਆ ਮਜ਼ਬੂਤ ਹੁੰਦੀ ਹੈ।