ਭਾਗਵਤ ਨੇ ਸਿੱਖਿਆ ਵਿਵਸਥਾ ‘ਤੇ ਚੁੱਕੇ ਸਵਾਲ, ਕਿਹਾ- ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 70 ਫੀਸਦੀ ਲੋਕ ਪੜ੍ਹੇ-ਲਿਖੇ ਸਨ

ਨਵੀਂ ਦਿੱਲੀ- ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਨੇ ਸਿੱਖਿਆ ਦੇ ਵਪਾਰੀਕਰਨ ਲਈ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਅਤੇ ਸਿਹਤ ਲਈ ਲੋਕਾਂ ਨੂੰ ਜੂਝਣਾ ਪੈਂਦਾ ਹੈ। ਭਾਗਵਤ ਨੇ ਕਿਹਾ ਕਿ ਜਦੋਂ ਦੇਸ਼ ਅੰਗਰੇਜ਼ਾਂ ਦਾ ਗੁਲਾਮ ਨਹੀਂ ਸੀ ਤਾਂ ਇੱਥੇ ਦੀ 70 ਫੀਸਦੀ ਆਬਾਦੀ ਪੜ੍ਹੀ ਲਿਖੀ ਸੀ। ਉਦੋਂ ਬ੍ਰਿਟੇਨ ਦੀ ਸਿੱਖਿਆ ਦਰ 17 ਫੀਸਦੀ ਹੋਇਆ ਕਰਦੀ ਸੀ। ਆਰ.ਐੱਸ.ਐੱਸ. ਚੀਫ਼ ਐਤਵਾਰ ਨੂੰ ਕਰਨਾਲ ‘ਚ ਸ਼੍ਰੀ ਆਤਮ ਮਨੋਹਰ ਜੈਨ ਆਰਾਧਨਾ ਮੰਦਰ ਪਹੁੰਚੇ ਸਨ। ਇੱਥੇ ਇਕ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਿੱਖਿਆ ਅਤੇ ਸਿਹਤ ਦੋਵੇਂ ਹੀ ਆਮ ਲੋਕਾਂ ਲਈ ਬਹੁਤ ਦੁਰਲੱਭ ਹੋ ਗਿਆ ਹੈ। ਉਨ੍ਹਾਂ ਕਿਹਾ,”ਅੰਗਰੇਜ਼ਾਂ ਦੇ ਇਸ ਦੇਸ਼ ‘ਚ ਹਾਵੀ ਹੋਣ ਤੋਂ ਪਹਿਲੇ ਆਪਣੇ ਦੇਸ਼ ਦੀ 70 ਫੀਸਦੀ ਜਨਸੰਖਿਆ ਸਿੱਖਿਅਤ ਸੀ। ਉਸ ਸਿੱਖਿਆ ਕਾਰਨ ਸਾਰੇ ਲੋਕ ਆਪਣੀ-ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ। ਬੇਰੁਜ਼ਗਾਰੀ ਲਗਭਗ ਨਹੀਂ ਸੀ। ਉਸ ਸਮੇਂ ਇੰਗਲੈਂਡ ‘ਚ 17 ਫੀਸਦੀ ਲੋਕ ਪੜ੍ਹੇ-ਲਿਖੇ ਸਨ। ਇੱਥੇ ਆਉਣ ਤੋਂ ਬਾਅਦ ਅੰਗਰੇਜ਼ ਸਾਡੀ ਸਿੱਖਿਆ ਵਿਵਸਥਾ ਨੂੰ ਉੱਥੇ ਲੈ ਗਏ ਅਤੇ ਆਪਣੀ ਸਿੱਖਿਆ ਵਿਵਸਥਾ ਇੱਥੇ ਲਾਗੂ ਕਰ ਦਿੱਤੀ। ਇਸ ਲਈ ਉਹ 70 ਫੀਸਦੀ ਸਿੱਖਿਅਤ ਹੋ ਗਏ ਅਤੇ ਅਸੀਂ 17 ਫੀਸਦੀ ਰਹਿ ਗਏ।”
ਭਾਗਵਤ ਨੇ ਅੱਗੇ ਕਿਹਾ,”ਇਹ ਇਤਿਹਾਸ ਦਾ ਸੱਚ ਹੈ। ਸਾਡੇ ਇੱਥੇ ਅਧਿਆਪਕ ਸਿਖਾਉਂਦਾ ਸੀ। ਸਾਰਿਆਂ ਨੂੰ ਸਿਖਾਉਂਦਾ ਸੀ। ਉਸ ‘ਚ ਵਰਣ ਅਤੇ ਜਾਤੀ ਦਾ ਭੇਦ ਨਹੀਂ ਸੀ। ਇੱਥੇ ਤੱਕ ਕਿ ਸਿੱਖਿਆ ਸਾਰਿਆਂ ਨੂੰ ਮਿਲਦੀ ਸੀ। ਪਿੰਡਾਂ ‘ਚ ਜਾ ਕੇ ਅਧਿਆਪਕ ਸਿਖਾਉਂਦਾ ਸੀ, ਉਹ ਆਪਣਾ ਢਿੱਡ ਭਰਨ ਲਈ ਨਹੀਂ ਸਿਖਾਉਂਦਾ ਸੀ ਸਗੋਂ ਸਿਖਾਉਣਾ ਉਸ ਦਾ ਕਰਤੱਵ ਸੀ। ਪਿੰਡ ਉਸ ਦੀ ਰੋਜ਼ੀ-ਰੋਟੀ ਦੀ ਚਿੰਤਾ ਕਰਦਾ ਸੀ।” ਭਾਗਵਤ ਨੇ ਕਿਹਾ ਕਿ ਅੱਜ ਸਿੱਖਿਆ ਅਤੇ ਸਿਹਤ ਦੋਹਾਂ ਦਾ ਵੀ ਵਪਾਰ ਬਣ ਗਿਆ ਹੈ। ਪਹਿਲੇ ਹਰ ਚੀਜ਼ ਨੂੰ ਵਪਾਰ ਵਜੋਂ ਨਹੀਂ ਦੇਖਿਆ ਜਾਂਦਾ ਸੀ।