ਅੰਮ੍ਰਿਤਸਰ ਵਿਚ ਹੋਣ ਵਾਲੇ ਜੀ-20 ਸੰਮੇਲਨ ‘ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ : ਅੰਮ੍ਰਿਤਸਰ ਵਿਚ 15 ਮਾਰਚ ਨੂੰ ਹੋਣ ਵਾਲੇ ਜੀ-20 ਸੰਮੇਲਨ ’ਤੇ ਬੀਤੇ ਦਿਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ। ਕਿਹਾ ਗਿਆ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਵੇਖਦਿਆਂ ਅੰਮ੍ਰਿਤਸਰ ਵਿਚ ਹੋਣ ਵਾਲੇ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਅਫ਼ਵਾਹਾਂ ਦਾ ਬਾਜ਼ਾਰ ਇਸ ਕਦਰ ਗਰਮ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਖ਼ੁਦ ਇਸ ਦਾ ਜਵਾਬ ਦੇਣਾ ਪਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕੋਲ ਅੰਮ੍ਰਿਤਸਰ ਵਿਚ ਪ੍ਰਸਤਾਵਿਤ ਜੀ- 20 ਸੰਮੇਲਨ ਨੂੰ ਰੱਦ ਕਰਨ ਦੀ ਕੋਈ ਅਧਿਕਾਰਕ ਸੂਚਨਾ ਨਹੀਂ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਵਿਕਰਮ ਸਾਹਨੀ ਨੇ ਵੀ ਅੰਮ੍ਰਿਤਸਰ ਵਿਚ ਜੀ-20 ਦੀ ਬੈਠਕ ਰੱਦ ਹੋਣ ਸਬੰਧੀ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਵਿਚ 15-17 ਮਾਰਚ ਨੂੰ ਹੋਣ ਵਾਲੀ ਜੀ-20 ਦੀ ਬੈਠਕ ਤੈਅ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਕ ਅੰਤਰਰਾਸ਼ਟਰੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਹ ਇਕ ਯਾਦਗਾਰ ਆਯੋਜਨ ਹੋਵੇਗਾ, ਜਦਕਿ ਕੋਈ ਛੋਟੀ ਮੋਟੀ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਹੋ ਸਕਦੀ।
ਸਾਹਨੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਅਫ਼ਵਾਹਾਂ ਸੁਣੀਆਂ, ਉਹ ਕਾਰਵਾਈ ਵਿਚ ਜੁਟ ਗਏ ਅਤੇ ਵਿਦੇਸ਼ ਮੰਤਰਾਲਾ, ਸਿੱਖਿਆ ਮੰਤਰਾਲਾ, ਜੀ-20 ਸਕੱਤਰੇਤ ਨੂੰ ਫ਼ੋਨ ਕੀਤਾ। ਸਕਿਲਿੰਗ ਜਾਬਸ ਐਂਡ ਮੋਬਿਲਿਟੀ ਦੇ ਭਵਿੱਖ ’ਤੇ ਜੀ-20 ਦੀ ਟਾਸਕ ਫੋਰਸ ਦੇ ਮੈਂਬਰ ਵਿਕਰਮ ਸਾਹਨੀ ਨੇ ਕਿਹਾ ਕਿ ਇਸ ਦੌਰਾਨ ਕਾਨੂੰਨ ਅਤੇ ਵਿਵਸਥਾ ’ਤੇ ਚਰਚਾ ਹੋਈ ਪਰ ਸਦਭਾਵਨਾ ਬਣੀ ਰਹੀ ਅਤੇ ਅੰਮ੍ਰਿਤਸਰ ਵਿਚ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜੀ-20 ਦੀ ਬੈਠਕ ਹੋ ਰਹੀ ਹੈ।