ਪਾਕਿਸਤਾਨ ‘ਚ ਲੁਕੇ 13 ਅੱਤਵਾਦੀਆਂ ਖ਼ਿਲਾਫ਼ ਵਰੰਟ ਜਾਰੀ, ਹਿਜ਼ਬੁਲ ਮੁਜ਼ਾਹਿਦੀਨ ਤੇ ਲਸ਼ਕਰ-ਏ-ਤਾਇਬਾ ਨਾਲ ਨੇ ਸਬੰਧ

ਐੱਨ.ਆਈ.ਏ. ਦੀ ਇਕ ਵਿਸ਼ੇਸ਼ ਅਦਾਲਤ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਅਜਿਹੇ 13 ਅੱਤਵਾਦੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਹਨ, ਜੋ ਇਸ ਵੇਲੇ ਸਰਹੱਦ ਪਾਰ ਤੋਂ ਸਰਗਰਮੀਆਂ ਚਲਾ ਰਹੇ ਹਨ। ਪੁਲਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕਿਸ਼ਤਵਾੜ ਦੇ ਪੁਲਸ ਸੁਪਰੀਡੰਟ ਖਲੀਲ ਪੋਸਵਾਲ ਨੇ ਦੱਸਿਆ ਕਿ ਕਿਸ਼ਤਵਾੜ ਥਾਣੇ ‘ਚ IPC ਤੇ UAPA ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਿਛਲੇ ਇਕ ਸਾਲ ਵਿਚ ਦਰਜ ਅੱਤਵਾਦ ਦੇ ਮਾਮਲਿਆਂ ਵਿਚ ਇਹ ਵਰੰਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸ਼ਤਵਾੜ ਪੁਲਸ ਦੇ ਮੁੱਖ ਜਾਂਚ ਅਧਿਕਾਰੀ ਨੇ ਅੱਤਵਾਦੀ ਗਤੀਵਿਧੀਆਂ ਵਿਚ ਸਰਗਰਮੀ ਅਤੇ ਚਿਨਾਬ ਘਾਟੀ ਤੇ ਜੰਮੂ-ਕਸ਼ਮੀਰ ਦੇ ਹੋਰ ਹਿੱਸਿਆਂ ਵਿਚ ਅਸ਼ਾਂਤੀ ਫੈਲਾਉਣ ਨੂੰ ਲੈ ਕੇ ਮੁਲਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕਰਨ ਦੀ ਅਪੀਲ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਤੋਂ ਕੀਤੀ।
ਅਧਿਕਾਰੀ ਨੇ ਕਿਹਾ, “1990 ਦੇ ਦਹਾਕੇ ਵਿਚ ਅੱਤਵਾਦ ਸ਼ੁਰੂ ਹੋਣ ਤੋਂ ਬਾਅਦ ਤਮਾਮ ਅੱਤਵਾਦੀ ਮਾਰੇ ਗਏ ਹਨ, ਪਰ ਹਿਜਬੁਲ ਮੁਜ਼ਾਹਿਦੀਨ ਤੇ ਲਸ਼ਕਰ-ਏ-ਤਾਇਬਾ ਨਾਲ ਜੁੜੇ 36 ਮੈਂਬਰਾਂ ਦਾ ਇਕ ਸਮੂਹ, ਜਿਸ ਦੇ ਸਾਰੇ ਮੈਂਬਰ ਕਿਸ਼ਤਵਾੜ ਦੇ ਰਹਿਣ ਵਾਲੇ ਹਨ, ਪਾਕਿਸਤਾਨ ਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਲੁਕੇ ਹਨ ਤੇ ਅਸ਼ਾਂਤੀ ਫੈਲਾਉਣ ਵਾਲੀਆਂ ਸਰਗਰਮੀਆਂ ‘ਚ ਸ਼ਾਮਲ ਹਨ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖ਼ਿਲਾਫ਼ ਦੋ ਮਾਮਲੇ ਦਰਜ ਹਨ ਤੇ ਇਕ ਮਾਮਲੇ ‘ਚ ਇਹ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਹਨ।