ਖ਼ਤਮ ਹੋਈ ਰਾਮ ਰਹੀਮ ਦੀ ਪੈਰੋਲ, ਜੇਲ੍ਹ ਜਾਣ ਤੋਂ ਪਹਿਲਾਂ PM ਮੋਦੀ ਨੂੰ ਲੈ ਕੇ ਕਹੀ ਇਹ ਗੱਲ

ਹਰਿਆਣਾ- ਡੇਰਾ ਮੁਖੀ ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਵੀਰਵਾਰ ਨੂੰ ਖ਼ਤਮ ਹੋਣ ਜਾ ਰਹੀ ਹੈ। ਅੱਜ ਰਾਮ ਰਹੀਮ ਨੂੰ ਮੁੜ ਸੁਨਾਰੀਆ ਜੇਲ੍ਹ ਭੇਜਿਆ ਜਾਣਾ ਹੈ। ਡੇਰਾ ਮੁਖੀ ਰਾਮ ਰਹੀਮ 21 ਜਨਵਰੀ ਨੂੰ 40 ਦਿਨ ਸੁਨਾਰੀਆ ਜੇਲ੍ਹ ਤੋਂ ਪੈਰੋਲ ਲੈ ਕੇ ਬਰਨਾਵਾ ਦੇ ਡੇਰਾ ਸੱਚਾ ਸੌਦਾ ਆਸ਼ਰਮ ‘ਚ ਤੀਜੀ ਵਾਰ ਆਇਆ ਸੀ। ਉਸ ਨਾਲ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਪਰਿਵਾਰ ਦੇ ਮੈਂਬਰ ਵੀ ਆਏ ਸਨ।
ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਨੇ ਹਨੀਪ੍ਰੀਤ ਨਾਲ ਆਨਲਾਈਨ ਲਾਈਵ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੇ ਬਹੁਤ ਪ੍ਰਸ਼ੰਸਾ ਕੀਤੀ। ਡੇਰਾ ਮੁਖੀ ਨੇ ਹਨੀਪ੍ਰੀਤ ਤੋਂ ਇਲਾਵਾ ਹੋਰ 21 ਧੀਆਂ ਨੂੰ ਗੋਦ ਲੈ ਰੱਖਿਆ ਹੈ। ਰਾਮ ਰਹੀਮ ਦਾ 21 ਧੀਆਂ ਨਾਲ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਉਹ ਧੀਆਂ ਨਾਲ ਗੱਲਬਾਤ ਕਰਦੇ ਹੋਏ ਕਹਿ ਰਿਹਾ ਹੈ ਕਿ ਧੀਆਂ ਨੂੰ ਕੁੱਖ ‘ਚ ਨਾ ਮਾਰੋ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਧੀਆਂ ਨੂੰ ਪੜ੍ਹਾਉਣ-ਲਿਖਾਉਣ ਲਈ ਮੁਹਿੰਮ ਚਲਾ ਰਹੇ ਹਨ। ਪੂਰੇ ਦੇਸ਼ ਦੇ ਚੰਗੇ ਲੋਕ ਵੀ ਇਹੀ ਚਾਹੁੰਦੇ ਹਨ ਕਿ ਧੀਆਂ ਨੂੰ ਪੜ੍ਹਾਇਆ ਲਿਖਾਇਆ ਜਾਵੇ। ਉਸ ਨੇ ਕਿਹਾ ਕਿ ਧੀਆਂ ਫਾਈਟਰ, ਪਾਇਲਟ ਵੀ ਬਣੀਆਂ ਹਨ। ਜਦੋਂ ਦੇਸ਼ ਦੇ ਰਾਜਾ ਵੀ ਚਾਹੁੰਦੇ ਹਨ ਤਾਂ ਪ੍ਰਜਾ ਨੂੰ ਵੀ ਪਾਲਣਾ ਕਰਨੀ ਚਾਹੀਦੀ ਹੈ।