ਦਿੱਲੀ ਆਬਕਾਰੀ ਨੀਤੀ ਕੇਸ: ED ਦਾ ਸ਼ਿਕੰਜਾ, ਮਨੀ ਲਾਂਡਰਿੰਗ ਦੇ ਦੋਸ਼ ‘ਚ ਸ਼ਰਾਬ ਕਾਰੋਬਾਰੀ ਗ੍ਰਿਫ਼ਤਾਰ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਦੇ ਸਬੰਧ ‘ਚ ਸ਼ਰਾਬ ਕਾਰੋਬਾਰੀ ਅਤੇ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਨਦੀਪ ਢੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਢੱਲ ਨੂੰ ਪੁੱਛ-ਗਿੱਛ ਤੋਂ ਬਾਅਦ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਧਾਰਾਵਾਂ ਤਹਿਤ ਬੁੱਧਵਾਰ ਰਾਤ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਅਧਿਕਾਰੀਆਂ ਮੁਤਾਬਕ ਢੱਲ ਨੂੰ ਵੀਰਵਾਰ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਈ.ਡੀ ਉਸ ਦੀ ਹਿਰਾਸਤ ਦੀ ਮੰਗ ਕਰੇਗਾ।
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਵਲੋਂ ਦਰਜ ਕੀਤੀ ਗਈ FIR ਮੁਤਾਬਕ ਆਮ ਆਦਮੀ ਪਾਰਟੀ (ਆਪ) ਦੇ ਅਹੁਦਾ ਅਧਿਕਾਰੀ ਵਿਜੇ ਨਾਇਰ, ਮਨੋਜ ਰਾਏ, ਅਮਨਦੀਪ ਢੱਲ ਅਤੇ ਸਮੀਰ ਮਹਿੰਦਰੂ ਸਾਲ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਉਸ ਨੂੰ ਲਾਗੂ ਕਰਨ ‘ਚ ਸਰਗਰਮ ਰੂਪ ਨਾਲ ਸ਼ਾਮਲ ਸਨ। ਈ. ਡੀ. ਦਾ ਮਨੀ ਲਾਂਡਰਿੰਗ ਮਾਮਲਾ ਸੀ. ਬੀ. ਆਈ. ਦੀ FIR ‘ਤੇ ਆਧਾਰਿਤ ਹੈ।
ਈ. ਡੀ. ਨੇ ਇਸ ਮਾਮਲੇ ‘ਚ ਹੁਣ ਤੱਕ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਅਤੇ ਢੱਲ ਸਮੇਤ ਕੁੱਲ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਸਰਕਾਰ ਦੀ ਸਾਲ 2021-22 ਲਈ ਆਬਕਾਰੀ ਨੀਤੀ ਪਿਛਲੇ ਸਾਲ ਅਗਸਤ ‘ਚ ਰੱਦ ਕਰ ਦਿੱਤੀ ਗਈ ਸੀ। ਬਾਅਦ ‘ਚ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸੀ. ਬੀ. ਆਈ ਨੂੰ ਸਰਕਾਰੀ ਅਧਿਕਾਰੀਆਂ, ਨੌਕਰਸ਼ਾਹਾਂ ਅਤੇ ਸ਼ਰਾਬ ਵਪਾਰੀਆਂ ਵੱਲੋਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਲਈ ਕਿਹਾ। ਇਸ ਮਾਮਲੇ ‘ਚ ਸੀ. ਬੀ. ਆਈ ਨੇ ਐਤਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ।