ਪਾਕਿਸਤਾਨ ’ਚ ਗਰੀਬੀ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਦੋ ਬੱਚਿਆਂ ਸਣੇ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ/ਪਾਕਿਸਤਾਨ- ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਕਸਬਾ ਸਮਬਰਿਆਲ ਵਿਚ ਇਕ ਗਰੀਬ ਵਿਅਕਤੀ ਨੇ ਮਹਿੰਗਾਈ ਅਤੇ ਗਰੀਬੀ ਤੋਂ ਤੰਗ ਆ ਕੇ ਆਪਣੇ ਦੋ ਛੋਟੇ ਬੱਚਿਆਂ ਸਮੇਤ ਨਹਿਰ ’ਚ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵਿਅਕਤੀ ਅਤੇ ਉਸ ਦੇ ਇਕ ਬੱਚੇ ਦੀ ਲਾਸ਼ ਤਾਂ ਨਹਿਰ ਤੋਂ ਬਰਾਮਦ ਕਰ ਲਈ, ਜਦਕਿ ਇਕ ਬੱਚੇ ਦੀ ਲਾਸ਼ ਨਹੀਂ ਮਿਲੀ।
ਸੂਤਰਾ ਅਨੁਸਾਰ ਅਬਦੁਲ ਰਊਫ ਜਾਵੇਦ ਵਾਸੀ ਸਮਬਰਿਆਲ ਨੇ ਆਪਣੇ ਦੋ ਛੋਟੇ ਮੁੰਡੇ ਦਾਊਦ ਅਤੇ ਮੁਹੰਮਦ ਯਾਹੀਆਂ ਸਮੇਤ ਸਮਬਰਿਆਲ ਨਹਿਰ ਵਿਚ ਛਲਾਂਗ ਲਗਾ ਕੇ ਆਤਮ ਹੱਤਿਆ ਕੀਤੀ। ਰਾਊਫ ਦੇ ਪਿਤਾ ਮੁਹੰਮਦ ਜਾਵੇਦ ਅਨੁਸਾਰ ਉਸ ਦਾ ਮੁੰਡਾ ਗਰੀਬੀ ਕਾਰਨ ਆਪਣੀ ਪਤਨੀ ਨਾਲ ਝਗੜਦਾ ਰਹਿੰਦਾ ਸੀ। ਬੀਤੀ ਦੇਰ ਸ਼ਾਮ ਰਾਊਫ ਆਪਣੇ ਦੋ ਮੁੰਡਿਆਂ ਨੂੰ ਲੈ ਕੇ ਬਾਜ਼ਾਰ ਲਈ ਨਿਕਲਿਆਂ, ਪਰ ਵਾਪਸ ਘਰ ਨਹੀਂ ਆਇਆ।
ਅੱਜ ਸਵੇਰੇ ਪਤਾ ਲੱਗਾ ਕਿ ਉਸ ਨੇ ਦੋਵਾਂ ਬੱਚਿਆਂ ਦੇ ਨਾਲ ਨਹਿਰ ਵਿਚ ਛਲਾਂਗ ਲਗਾ ਦਿੱਤੀ ਹੈ। ਰਾਊਫ ਦੇ ਘਰ ਦੇ ਨੇੜੇ ਦੇ ਲੋਕਾਂ ਅਨੁਸਾਰ ਰਾਊਫ ਇਕ ਮੇਹਨਤੀ ਵਿਅਕਤੀ ਸੀ, ਪਰ ਪਾਕਿਸਤਾਨ ਵਿਚ ਮਹਿੰਗਾਈ ਦੇ ਕਾਰਨ ਉਸ ਦੇ ਘਰ ਵਿਚ ਸਦਾ ਹੀ ਝਗੜਾ ਰਹਿੰਦਾ ਸੀ। ਪੁਲਸ ਨੂੰ ਸੂਚਨਾ ਮਿਲਣ ’ਤੇ ਪੁਲਸ ਨੇ ਰਾਊਫ ਅਤੇ ਉਸ ਦੇ ਸੱਤ ਸਾਲਾਂ ਮੁੰਡੇ ਦਾਊਦ ਦੀ ਲਾਸ਼ ਨਹਿਰ ਤੋਂ ਬਰਾਮਦ ਕਰ ਲਈ, ਪਰ ਯਾਹੀਆਂ ਦੀ ਲਾਸ਼ ਨਹੀਂ ਮਿਲੀ।