ਕੇਂਦਰ ਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੇ ‘ਕਿਸਾਨਾਂ ਦੇ ਹਿੱਤ ‘ਚ ਲਏ ਫ਼ੈਸਲੇ’: ਖੱਟੜ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਅਤੇ ਹਰਿਆਣਾ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪਿਛਲੇ 8 ਸਾਲਾਂ ਤੋਂ ‘ਕਿਸਾਨ ਪੱਖੀ’ ਫ਼ੈਸਲੇ ਲੈ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 8 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧੇ ਲਾਭ ਟਰਾਂਸਫਰ ਰਾਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ 16,000 ਕਰੋੜ ਰੁਪਏ ਤੋਂ ਵੱਧ ਦੀ 13ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ ਪੱਖੀ ਫ਼ੈਸਲੇ ਲੈ ਰਹੀਆਂ ਹਨ।
ਪਿਛਲੇ 8 ਸਾਲਾਂ ਤੋਂ ਫ਼ਸਲਾਂ ਦੀ ਬਿਜਾਈ ਦੇ ਮੌਸਮ ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ (MSP) ਐਲਾਨ ਕੀਤਾ ਜਾਂਦਾ ਹੈ ਤਾਂ ਕਿ ਕਿਸਾਨ ਆਪਣੀ ਪਸੰਦ ਮੁਤਾਬਕ ਬੀਜਣ ਵਾਲੀ ਫ਼ਸਲ ਦੀ ਚੋਣ ਕਰ ਸਕਣ ਅਤੇ ਆਪਣੀ ਆਮਦਨ ਵਧਾ ਸਕਣ। ਖੱਟੜ ਨੇ ਇਕ ਬਿਆਨ ‘ਚ ਦੋਸ਼ ਲਾਇਆ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਘੱਟੋ-ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਕਮਿਸ਼ਨ ਦੇ ਨਾਂ ‘ਤੇ ਸਿਰਫ਼ ਕਿਸਾਨਾਂ ਨੂੰ ਉਲਝਾਇਆ ਹੈ।
ਖੱਟੜ ਨੇ ਕਿਹਾ ਕਿ ਹੁਣ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦਾ ਇਕ ਸਥਾਈ ਫਾਰਮੂਲਾ ਤੈਅ ਕੀਤਾ ਹੈ ਅਤੇ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਖਰੀਦ ਦੇ ਮੌਸਮ ਲਈ ਫ਼ਸਲਾਂ ਦੀ ਕੀਮਤ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਉਸੇ ਮੁਤਾਬਕ ਫ਼ਸਲ ਦੀ ਬਿਜਾਈ ਕਰ ਸਕਦੇ ਹਨ।