ਭਾਜਪਾ ਦਾ ਤੰਜ਼, ਸ਼ਰਾਬ ਘੋਟਾਲੇ ‘ਚ ਸ਼ਾਮਲ ਦੁਨੀਆ ਦੇ ਇਕਲੌਤੇ ਸਿੱਖਿਆ ਮੰਤਰੀ ਹੋਣਗੇ ਸਿਸੋਦੀਆ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਾਂ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਸ਼ਰਾਬ ਨੀਤੀ ਵਿਚ ਹੋਏ ਸ਼ੱਕੀ ਭ੍ਰਿਸ਼ਟਾਚਾਰ ਦੇ ਸਿਲਸਿਲੇ ਵਿਚ ਕਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਭਾਜਪਾ ਨੇ ਇਹ ਵੀ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਗ੍ਰਿਫ਼ਤਾਰ ਆਗੂ ਦੇ ਖ਼ਿਲਾਫ਼ ਇਸ ਮਾਮਲੇ ਵਿਚ ਦਮ ਹੈ।
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਪਾਰਟੀ ਹੈੱਡਕੁਆਰਟਰ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਤੰਜ਼ ਕੱਸਦਿਆਂ ਕਿਹਾ ਕਿ ਸਿਸੋਦੀਆ ਦੁਨੀਆ ਦੇ ਇਕਲੌਤੇ ਸਿੱਖਿਆ ਮੰਤਰੀ ਹਨ, ਜੋ ਸ਼ਰਾਬ ਘੋਟਾਲੇ ਵਿਚ ਸ਼ਾਮਲ ਹੋਣਗੇ ਅਤੇ ਇਹ ਸਾਰਾ ਮਾਮਲਾ ਅੱਖਾਂ ਖੋਲ੍ਹਣ ਦੇ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਦੇ ਮਾਮਲੇ ‘ਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਜ਼ਮਾਨਤ ਖ਼ਾਰਿਜ ਕਰ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਦੇ ਨਿਰਦੋਸ਼ ਹੋਣ ਦੇ ਆਪ ਦੇ ਦਾਅਵੇ ਦੇ ਬਾਵਜੂਦ ਉਨ੍ਹਾਂ ਦੇ ਖ਼ਿਲਾਫ਼ ਮਾਮਲੇ ਵਿਚ ਦਮ ਹੈ।
ਸੰਬਿਤ ਪਾਤਰਾ ਨੇ ਸਿਸੋਦੀਆ ਨੂੰ “ਸ਼ਰਾਬ ਮੰਤਰੀ” ਕਿਹਾ ਅਤੇ ਉਨ੍ਹਾਂ ‘ਤੇ ਪਿਛਲੇ ਦਰਵਾਜ਼ੇ ਤੋਂ ਆਪਣੀ ਪਾਰਟੀ ਲਈ ਪੈਸੇ ਇਕੱਠੇ ਕਰਨ ਲਈ ਥੋਕ ਵਿਕਰੇਤਾਵਾਂ ਦੀ ਕਮਿਸ਼ਨ ਵਿਚ ਵਾਧੇ ਸਮੇਤ ਕਈ ਬੇਨਿਯਮੀਆਂ ਦਾ ਦੋਸ਼ ਲਗਾਇਆ। ਪਾਤਰਾ ਨੇ ਗ੍ਰਿਫ਼ਤਾਰੀ ਪਿੱਛੇ ਰਾਜਨੀਤੀ ਦੇ ਦੋਸ਼ ਨੂੰ ਵੀ ਨਕਾਰਦਿਆਂ ਕਿਹਾ ਕਿ ਜਾਂਚ ਏਜੰਸੀ ਅਤੇ ਪਾਰਟੀ ਦੋ ਵੱਖ-ਵੱਖ ਸੰਸਥਾਵਾਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲੇ ਦੇ ਮੁਲਜ਼ਮਾਂ ਨੇ 45 ਮੋਬਾਈਲ ਫ਼ੋਨ ਅਤੇ ਹੋਰ ਸਬੂਤ ਮਿਟਾ ਦਿੱਤੇ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਦੇ ਖ਼ਿਲਾਫ਼ ਉਸ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਤਕਰੀਬਨ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਉਨ੍ਹਾਂ ਦੇ ਜਵਾਬ ਤਸੱਲੀਬਖ਼ਸ਼ ਨਹੀਂ ਸਨ।