ਹਰਿਆਣਾ ਕਮੇਟੀ ਵੱਲੋਂ ਕੁਰੂਕਸ਼ੇਤਰ ਦੇ ਗੁਰੂ ਘਰਾਂ ‘ਚ ਮਰਿਆਦਾ ਦਾ ਕਤਲ ਨਿੰਦਣਯੋਗ: ਬੀਬੀ ਜਗੀਰ ਕੌਰ

ਬੇਗੋਵਾਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਹਾੜਾ ਸੀ ਪਰ ਹਰਿਆਣਾ ਕਮੇਟੀ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰਿਆਂ ‘ਚ ਮਰਿਆਦਾ ਦਾ ਕਤਲ ਕੀਤਾ ਗਿਆ ਹੈ। ਜਿਸ ਦੀ ਉਹ ਨਿੰਦਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਭੰਗ ਨਹੀਂ ਕੀਤਾ ਗਿਆ ਅਤੇ ਮੈਂਬਰ ਸਾਹਿਬਾਨ ਕੰਮ ਕਰ ਰਹੇ ਹਨ।
ਹਰਿਆਣਾ ਕਮੇਟੀ ਹੋਂਦ ਵਿਚ ਆਈ ਤਾਂ ਸੁਪਰੀਮ ਕੋਰਟ ਵੱਲੋਂ ਇਹ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਚੋਣ ਲੜ ਕੇ ਗੁਰੂ ਘਰ ਦੀ ਸੇਵਾ ਸੰਭਾਲ ਕਰ ਸਕਦੇ ਹੋ ਪਰ ਇਹ ਬਹੁਤ ਦੁੱਖ਼ ਦੀ ਗੱਲ ਹੈ ਕਿ ਸਰਕਾਰ ਵੱਲੋਂ ਨਾਮੀਨੇਸ਼ਨ ਕਰਕੇ ਸਿੱਧੀ ਦਖ਼ਲਅੰਦਾਜ਼ੀ ਕੀਤੀ ਗਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਇਸ ਪ੍ਰਤੀ ਸੁਚੇਤ ਹੋ ਕੇ ਰਹਿਣਾ ਚਾਹੀਦਾ ਸੀ ਤਾਂ ਜੋ ਇਸ ਘਟਨਾ ਤੋਂ ਬਚਿਆ ਜਾ ਸਕਦਾ।