ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਅਤੇ ਨੈੱਟਫ਼ਲਿਕਸ ਦੇ ਸਹਿ-CEO ਟੈੱਡ ਸੈਰੈਂਡੋਜ਼ ਨੇ ਆਪਣੀ ਪਹਿਲੀ ਡਰਾਮਾ ਸੀਰੀਜ਼ ਹੀਰਾਮੰਡੀ ਦੀ ਪਹਿਲੀ ਝਲਕ ਸਾਂਝੀ ਕੀਤੀ। ਇਸ ਸੀਰੀਜ਼ ‘ਚ ਅਦਾਕਾਰਾ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸ਼ਰਮਿਨ ਸੈਗਲ ਅਤੇ ਸੰਜੀਦਾ ਸ਼ੇਖ਼ ਦਿਖਾਈ ਦੇਣਗੇ। ਨਿਰਮਾਤਾਵਾਂ ਵਲੋਂ ਸਾਂਝੀ ਕੀਤੀ ਗਈ ਪਹਿਲੀ ਝਲਕ ‘ਚ ਸਾਰੀਆਂ ਅਦਾਕਾਰਾਂ ਇੱਕੋ ਜਿਹੀਆਂ ਪੁਸ਼ਾਕਾਂ ‘ਚ ਦਿਖਾਈ ਦੇ ਰਹੀਆਂ ਹਨ।
ਸਾਂਝੇ ਕੀਤੇ ਗਏ ਇੱਕ ਹੋਰ ਟੀਜ਼ਰ ‘ਚ ਸਾਰੀਆਂ ਮਹਿਲਾਵਾਂ ਨੇ ਕਾਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਇਸ ਸੀਰੀਜ਼ ‘ਚ ਹੀਰਾਮੰਡੀ ਦੀ ਸਭਿਆਚਾਰਕ ਝਲਕ ਬਿਆਨੀ ਗਈ ਹੈ ਜਿੱਥੇ 1940 ‘ਚ ਆਜ਼ਾਦੀ ਦੀ ਲੜਾਈ ‘ਚ ਭਾਗ ਲੈਣ ਵਾਲੀਆਂ ਵੇਸਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਬਹਾਦੁਰੀ ਦੀ ਕਹਾਣੀ ਦੱਸੀ ਗਈ ਹੈ। ਇਸ ਸੀਰੀਜ਼ ‘ਚ ਕੋਠਿਆਂ ‘ਤੇ ਵਾਪਰਦੇ ਪਿਆਰ, ਧੋਖਾ ਅਤੇ ਸਿਆਸਤ ਦੇ ਕਈ ਰੰਗ ਉਭਰਦੇ ਹਨ। ਇਸ ਸੀਰੀਜ਼ ਦੀ ਕਹਾਣੀ ਵੀ ਭੰਸਾਲੀ ਦੀਆਂ ਵਿਸ਼ਾਲ ਦ੍ਰਿਸ਼ਾਂ ਵਾਲੀਆਂ ਫ਼ਿਲਮਾਂ ਵਾਂਗ ਪ੍ਰਭਾਵਸ਼ਾਲੀ ਕੈਨਵਸ ‘ਤੇ ਸਿਰਜੀ ਗਈ ਹੈ।