ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ

ਸਫ਼ਰ ਹੀ ਸਫ਼ਰ
12 ਫ਼ਰਵਰੀ ਦੀ ਆਥਣ, ਦਿੱਲੀ ਹਵਾਈ ਅੱਡੇ ਬੈਠਾ ਹਾਂ ਨਾਗਪੁਰ ਲਿਜਾਣ ਵਾਲੇ ਜਹਾਜ ਨੂੰ ਉਡੀਕਦਾ। ਅਣਗਿਣਤ ਛੋਟੇ ਵੱਡੇ ਜਹਾਜ਼ ਉਡ ਰਹੇ ਨੇ, ਲੱਥ ਰਹੇ ਨੇ। ਦੁਨੀਆਂ ਦਾ ਅਜਬ ਜਿਹਾ ਮੇਲਾ ਹੈ। ਭੱਜੀ-ਭੱਜੀ ਅਤੇ ਉਡੀ-ਉਡੀ ਫ਼ਿਰਦੀ ਹੈ ਅਣਜਾਣੀ ਜਿਹੀ ਦੁਨੀਆਂ, ਤੇਜ਼-ਤੇਜ਼ ਕਦਮ ਨੇ ਹਰੇਕ ਦੇ। ਸਹਿਜ ਕੋਈ ਨਹੀਂ, ਮਨ ‘ਚ ਸ਼ੋਰ ਹੈ। ਇਥੇ ਬੈਠੇ-ਬੈਠੇ ਹੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਚੇਤੇ ਆਇਐ ਜੋ ਬੜੇ ਸਾਲ ਪਹਿਲੋਂ ਰੇਲ ਸੰਸਾਰ ਦੇ ਭਰੇ ਮੇਲੇ ਬਾਰੇ ਲਿਖ ਗਿਆ ਸੀ: ਜਗ ਜੰਕਸ਼ਨ ਰੇਲਾਂ ਦਾ … ਗੱਡੀ ਇੱਕ ਆਵੇ, ਇੱਕ ਜਾਵੇ।
ਲਗਦੈ ਕਿ ਜਹਾਜ਼ਾਂ ਦੇ ਮੇਲੇ ਬਾਰੇ ਕਦੇ ਕਿਸੇ ਲਿਖਾਰੀ ਨੇ ਬਾਪੂ ਪਾਰਸ ਦੀ ਇਸ ਰਚਨਾ ਜਿਹੀ ਰਚਨਾ ਨਹੀਂ ਕਰ ਸਕਣੀ। ਪਾਰਸ ਨੇ ਇਹ ਰਚਨਾ ਜਾਖੜ ਮੰਡੀ ਰੇਲਵੇ ਸਟੇਸ਼ਨ ‘ਤੇ ਬੈਠਿਆਂ ਰਚੀ ਸੀ। ਰੇਲਾਂ ਆ-ਜਾ ਰਹੀਆਂ ਸਨ ਕੂਕਦੀਆਂ ਅਤੇ ਸ਼ੂਕਦੀਆਂ। ਰੇਲਾਂ ਦਾ ਭਰਿਆ ਭੁਕੰਨਾ ਮੁਸਾਫ਼ਿਰ ਮੇਲਾ ਵੇਖ ਰਿਹਾ ਸੀ ਬੈਠਾ। ਇੱਕ ਰੇਲ ਦੇ ਡੱਬੇ ‘ਚੋਂ ਇੱਕ ਨਵ-ਵਿਆਹਿਆ ਜੋੜਾ ਉਤਰਿਆ ਅਤੇ ਇੱਕ ਡੱਬੇ ‘ਚੋਂ ਰੋਂਦੀਆਂ ਹੋਈਆਂ ਤੀਵੀਆਂ ਮਕਾਣੋਂ ਮੁੜੀਆਂ ਉਤਰੀਆਂ। ਕੋਈ ਆਪਣੇ ਦਾਦੇ ਦੀਆਂ ਅਸਥੀਆਂ ਪਾਉਣ ਰੇਲ ਚੜ੍ਹ ਰਿਹਾ ਸੀ ਅਤੇ ਕਿਸੇ ਦੇ ਕੁੱਛੜ ਨਵ-ਜੰਮਿਆ ਜੁਆਕ ਚੁੱਕਿਆ ਹੋਇਆ ਸੀ। ਉਤਰਦੇ ਚੜ੍ਹਦੇ ਮੁਸਾਫ਼ਰਾਂ ਨੂੰ ਬਾਪੂ ਪਾਰਸ ਨੇ ਇਓਂ ਕਲਮਬੱਧ ਕਰਿਆ, ਬੋਲ ਸਨ:
ਘਰ ਨੂੰਹ ਨੇ ਸਾਂਭ ਲਿਆ,
ਤੁਰਗੀ ਧੀ ਝਾੜ ਕੇ ਪੱਲੇ
ਪੋਤੇ ਨੇ ਜਨਮ ਲਿਆ,
ਬਾਬਾ ਵੱਲ ਸਿਵਿਆਂ ਦੇ ਚੱਲੇ
ਕਿਧਰੇ ਜੋਰ ਮਕਾਣਾਂ ਦਾ,
ਕਿਧਰੇ ਵਿਆਹ ਮੰਗਣੇ ਮੁਕਲਾਵੇ
ਜਗ ਜੰਕਸ਼ਨ ਰੇਲਾਂ ਦਾ,
ਗੱਡੀ ਇੱਕ ਆਵੇ, ਇੱਕ ਜਾਵੇ।
ਮੋਬਾਈਲ ਉਤੋਂ ਕਵੀਸ਼ਰੀ ਸੁਣਦਿਆਂ ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ ਹੈ, ”ਵਾਹ ਓ ਬਾਪੂ ਪਾਰਸਾ, ਵਾਹ! ਕਿਆ ਕਮਾਲ ਦਾ ਦ੍ਰਿਸ਼ ਚਿਤਰਿਆ ਐ ਇਸ ਕਵੀਸ਼ਰੀ ‘ਚ, ਲੋਕ ਜੀਵਨ ਦੀਆਂ ਤਲਖ ਸੱਚਾਈਆਂ ਨੇ।” (ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਇਹ ਕਵੀਸ਼ਰੀ ਖ਼ੂਬ ਗਾਈ ਸੀ।)
***
ਮੇਰਾ ਜਹਾਜ਼ ਲਗਭਗ 10 ਵਜੇ ਦੇ ਬਾਅਦ ਨਾਗਪੁਰ ਉਤਰਨਾ ਸੀ। ਅਗਾਂਹ 80 ਕੁ ਕਿਲੋਮੀਟਰ ਵਰਧਾ। ਉੱਥੇ ਮੈਂ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਟੀ ਜਾਣਾ ਸੀ ਜੋ ਕੇਂਦਰ ਸਰਕਾਰ ਵਲੋਂ ਮਹਾਤਮਾ ਗਾਂਧੀ ਦੇ ਨਾਂ ਉਤੇ 1996 ਵਿੱਚ ਬਣਾਈ ਗਈ ਸੀ। ਇਥੇ ਬੜੇ-ਬੜੇ ਨਾਮੀਂ ਸਾਹਿਤਕਾਰ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਮੈਨੂੰ ਹਰ ਮਹੀਨੇ ਆਉਣਾ ਪੈਣਾ ਇਥੇ। ਰਿਟਾੲਰ In Reisdent ਚੇਅਰ ਲਈ ਸੇਵਾਵਾਂ ਦੇ ਰਿਹਾਂ ਬਤੌਰ ਇੱਕ ਵਿਜ਼ਟਿੰਗ ਪ੍ਰੋਫ਼ੈਸਰ।
***
ਮੇਰਾ ਪਿੰਡ ਬੜੀ ਦੂਰ ਰਹਿ ਗਿਆ ਹੈ। ਪਹਿਲਾਂ ਪੰਜਾਬ ਮੇਲ ‘ਤੇ ਚੜ੍ਹ ਕੇ ਦਿੱਲੀ ਆਉਣਾ ਪੈਂਦਾ ਹੈ। ਫ਼ਿਰ ਅੱਗੋਂ ਜਹਾਜ਼ ਨਾਗਪੁਰ ਤਕ ਅਤੇ ਅੱਗੋਂ ਵਰਧਾ ਨੂੰ ਯੂਨੀਵਰਸਟੀ ਦੀ ਕਾਰ ਲੈ ਜਾਂਦੀ ਹੈ। ਸਫ਼ਰ ਹੀ ਸਫ਼ਰ ਲਿਖਿਆ ਹੈ ਕੁਦਰਤ ਨੇ ਮੇਰੇ ਕਰਮਾਂ ‘ਚ। ਘਰ ਟਿਕੇ ਰਹਿਣ ਦੀਆਂ ਘੜੀਆਂ ਤਾਂ ਜੰਮਦਿਆਂ ਹੀ ਨਹੀਂ ਹਿੱਸੇ ਆਈਆਂ ਮੇਰੇ। ਕਿਸੇ ਯਾਤਰੀ ਵਾਂਗ ਕੁੱਝ ਦਿਨਾਂ ਵਾਸਤੇ ਹੀ ਘਰ ਆਉਂਦਾਂ। ਪਿੰਡ ਅਤੇ ਘਰ ਦਾ ਮੋਹ ਖਿੱਚ-ਖਿੱਚ ਲਿਆਉਂਦੈ। ਦਸ ਗਿਆਰਾਂ ਸਾਲ ਦੀ ਉਮਰੇ ਲੋਕ ਗਾਇਕੀ ਦੇ ਬੱਬਰ ਬਾਬੇ ਯਮਲੇ ਜੱਟ ਦਾ ਚੇਲਾ ਬਣਿਆ ਸਾਂ, ਅਤੇ ਉਹਨਾਂ ਮੇਰੇ ਪਿਤਾ ਜੀ ਦੇ ਸਾਹਮਣੇ ਆਖਿਆ ਸੀ ਕਿ ਇਸ ਬੱਚੇ ਦੇ ਪੈਰਾਂ ‘ਚ ਚੱਕਰ ਐ, ਸਫ਼ਰ ਹੀ ਸਫ਼ਰ ਲਿਖਿਐ, ਬਾਊ ਜੀ, ਇਹ ਘਰ ਨਹੀ ਟਿਕਣ ਵਾਲਾ। ਹੁਣ ਉਸਤਾਦ ਜੀ ਨੂੰ ਚੇਤੇ ਕਰਦਿਆਂ ਜਦ ਇਹ ਮਜ਼ਮੂਨ ਇੱਕ ਡਾਇਰੀ ਦੇ ਪੰਨੇ ਵਜੋਂ ਲਿਖ ਰਿਹਾਂ ਤਾਂ ਜਹਾਜ਼ ਨਾਗਪੁਰ ਲੱਥਣ ਨੂੰ ਨੀਵਾਂ ਹੋ ਰਿਹੈ। ਜਹਾਜ਼ ਦੇ ਕੈਪਟਨ ਨੇ ਸੀਟਾਂ ਦੀਆਂ ਪੇਟੀਆਂ ਕੱਸ ਲੈਣ ਨੂੰ ਕਹਿ ਦਿੱਤੈ। ਯਾਤਰੀਆਂ ਨੇ ਸਿਰ ਚੁੱਕ ਲਏ ਨੇ। ਹਰ ਕੋਈ ਆਪਣੀ ਆਪਣੀ ਮੰਜ਼ਿਲ ਵੱਲ ਜਾਣ ਲਈ ਕਾਹਲਾ ਹੈ। ਕੜਿੱਚ ਕੜਿੱਚ ਦੀਆਂ ਆਵਾਜ਼ਾਂ ਰਲ-ਮਿਲ ਗਈਆਂ ਨੇ ਪੇਟੀਆਂ ਕੱਸਣ ਕਰ ਕੇ। ਹੇਠਾਂ ਕਿਸੇ ਤਾਰਿਆਂ ਭਰੀ ਚੰਗੇਰ ਵਾਂਗ ਨਾਗਪੁਰ ਜਗਮਗਾ ਰਿਹੈ। ਮੈਂ ਡਾਇਰੀ ਬੰਦ ਕਰਕੇ ਬੈਗ ‘ਚ ਪਾ ਲਈ ਹੈ।
ਰੱਬ ਖੈਰ ਕਰੇ!
941742170