ਬੁਲਡੋਜ਼ਰ ਚੱਲਿਆ ਤਾਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਆਰਟੀਕਲ 370 ਸਾਡਾ ਰੱਖਿਅਕ ਸੀ : ਮਹਿਬੂਬਾ

ਸ਼੍ਰੀਨਗਰ, – ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਵੱਲੋਂ ਗਰੀਬਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਢਾਹੁਣ ਲਈ ਬੁਲਡੋਜ਼ਰ ਚਲਾਉਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਆਰਟੀਕਲ 370 ਕਿਵੇਂ ਉਨ੍ਹਾਂ ਲਈ ਸੁਰੱਖਿਆ ਕਵਚ ਸੀ। ਉਨ੍ਹਾਂ ਨੇ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਚਾਉਣ ਲਈ ਭਾਜਪਾ ਨਾਲ ਗਠਜੋੜ ਕਰਨ ਦੇ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਅਦ ਦੇ ਫੈਸਲੇ ਦਾ ਵੀ ਬਚਾਅ ਕੀਤਾ।
ਇਥੇ ਆਯੋਜਿਤ ਪਾਰਟੀ ਪ੍ਰੋਗਰਾਮ ’ਚ ਮਹਿਬੂਬਾ ਨੇ ਕਿਹਾ,‘ਜਦ ਆਰਟੀਕਲ 370 ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਤਾਂ ਕੁਝ ਲੋਕਾਂ ਨੇ ਸੋਚਿਆ ਕਿ ਇਹ ਸਿਰਫ ਪੀ. ਡੀ. ਪੀ. ਅਤੇ ਨੈਸ਼ਨਲ ਕਾਨਫਰੈਂਸ (ਨੈਕਾਂ) ਨੂੰ ਪ੍ਰਭਾਵਿਤ ਕਰੇਗਾ। ਜਦ ਬੁਲਡੋਜ਼ਰ ਸਾਡੇ ਘਰਾਂ, ਦੁਕਾਨਾਂ ਤੇ ਇਥੋਂ ਤੱਕ ਕਿ ਜਾਨਵਰਾਂ ਦੇ ਵਾੜੇ ਢਾਹੁਣ ਆਇਆ, ਉਦੋਂ ਲੋਕਾਂ ਨੂੰ ਅਹਿਸਾਸ ਹੋਇਆ ਕਿ ਆਰਟੀਕਲ-370 ਸਾਡੇ ਲਈ ਕਿੰਨੀ ਵੱਡੀ ਸੁਰੱਖਿਆ ਸੀ।
ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ’ਚ ਸਰਕਾਰ ਬਣਾਉਣ ਲਈ ਸਈਅਦ ਵੱਲੋਂ ਭਾਜਪਾ ਨਾਲ ਕੀਤੇ ਗਠਜੋੜ ਦਾ ਬਚਾਅ ਕਰਦੇ ਹੋਏ ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਜਾਨਵਰ ਨੂੰ ਪਿੰਜਰੇ ’ਚ ਕੈਦ ਕੀਤਾ ਸੀ ਅਤੇ ਆਫਤ ਆਉਣ ਤੋਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਮੁਫਤੀ ਸਾਹਿਬ ਨੇ ਭਾਜਪਾ ਦਾ ਹੱਥ ਫੜਿਆ ਤਾਂ ਕਿ ਉਨ੍ਹਾਂ ਨੂੰ ਰੋਕਿਆ ਜਾ ਸਕੇ। ਮੁਫਤੀ ਸਾਹਿਬ ਇਕ ਸਾਲ ਤੱਕ ਅਤੇ ਮੈਂ 2 ਸਾਲਾਂ ਤੱਕ ਮੁੱਖ ਮੰਤਰੀ ਰਹੀ ਅਤੇ ਅਸੀਂ ਆਪਣਾ ਏਜੰਡਾ ਲਾਗੂ ਕੀਤਾ, ਜੰਮੂ-ਕਸ਼ਮੀਰ ਦਾ ਏਜੰਡਾ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਦੀ ਗੱਲ ਨਹੀਂ ਮੰਨੀ, ਜਿਸ ਤੋਂ ਬਾਅਦ ਉਹ ਸਰਕਾਰ ਤੋਂ ਵੱਖ ਹੋ ਗਏ।